Loader Image
ਮੇਰੀ ਵਸੀਅਤ – ਕਵਿਤਾ

ਮੇਰੀ ਵਸੀਅਤ – ਕਵਿਤਾ

ਦੱਸੀ ਗੁਰ ਮਰਿਯਾਦਾ ਨੂੰ ਕੋਈ ਵਿਰਲਾ ਹੀ ਨਿਭਾਏ

(18-01-2021)

  1. ਮਿਰਤਕ ਦੀ ਮਰਿਯਾਦਾ ਵਸੀਅਤ, ਆਓ ਜਾਣੀਏ ਸਾਰੇ 

ਨਾ ਸੰਭਾਲਣ ਯੋਗ ਸਰੀਰਾਂ ਦੇ, ਕਿਵੇਂ ਹੁੰਦੇ ਜਗ ਨਿਪਟਾਰੇ । 

ਕੋਈ ਦਫ਼ਨਾਏ, ਜਲਾਏ, ਕੋਈ ਸੱਖਣੇ ਖੂਹ ਵਿੱਚ ਪਾਏ । 

ਦੱਸੀ ਗੁਰ ਮਰਿਯਾਦਾ ਨੂੰ ਕੋਈ ਵਿਰਲਾ ਹੀ ਨਿਭਾਏ।

  1. ਮੇਰੀ ਵਸੀਅਤ ਮੇਰੇ ਵਾਰਸੋ, ਮੈਂ ਪੜ੍ਹ ਕੇ ਖੁਦ ਸਣਾਉਂਦਾ ਹਾਂ। 

ਮਰ ਕੇ ਸਵਰਗ ਨਾ ਜਾਣਾ, ਜਿਉਂਦਾ ਸਚਖੰਡ ਵਾਸੀ ਕਹਾਉਂਦਾ ਹਾਂ। 

ਮਿਰਤਕ ਸਰੀਰ ਪਿਆ ਦੇਖ ਕੇ, ਬਾਣੀ ਗਾਇਓ ਸਹਿਜ-ਸੁਭਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ। 

  1. ਭੁੱਬਾਂ ਮਾਰ ਕੇ ਰੋਊ ਜਿਹੜਾ, ਮੇਰਾ ਦੋਖੀ ਹੋਊ ਉਹ। 

ਜਿਉਂਦੇ ਹੰਝੂ ਦੇਖੇ ਨਾ, ਹੱਸਦਾ ਚਿਹਰਾ ਭਾਊ ਉਹ। 

ਮਰੇ ਪਏ ਦੀ ਲਾਸ਼ ਉੱਤੇ, ਰੱਬੀ ਸ਼ੁਕਰ ਮਨਾਊ ਜੋ। 

ਸੱਚਾ ਮੈਨੂੰ ਪਿਆਰ ਜੇ ਕਰਦੇ, ਇੱਕ ਨਾ ਹੰਝੂ ਵਹਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ। 

  1. ਵਰਤਣ ਯੋਗ ਅੰਗ ਜੋ ਹੋਵੇ, ਉਸਨੂੰ ਦੇ ਦਿਓ ਲੋੜਵੰਦ ਨੂੰ। 

ਲਾਂਬੂ ਧੀ ਗੁਰਸਿੱਖ ਲਾਵੇ, ਵਰਜਿਓ ਪੁੱਤ ਭਾਈ ਸੰਬੰਧ ਨੂੰ। 

ਰੱਬ ਦੇ ਸੱਦੇ ਸਰੀਰ ਛੱਡ ਕੇ, ਪਰਲੋਕ ਗਵਨ ਕਰਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ।

  1. ਮੇਰੀ ਮਿਰਤਕ ਦੇਹ ਨੂੰ, ਇਸ਼ਨਾਨ ਦੀ ਨਹੀਂ ਲੋੜ ਕੋਈ। 

ਜਿਉਂਦੇ ਜੀਅ ਇਸ਼ਨਾਨ ਮੈਂ ਕੀਤੇ, ਨਿੱਤਨੇਮ ਹਰ ਰੋਜ਼ ਭਾਈ। 

ਨਵੇਂ ਸਵਾਏ ਕਪੜੇ ਪਾ ਕੇ, ਨਾ ਕੋਈ ਮੈਨੂੰ ਤੜਫ਼ਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ।

  1. ਸ਼ਿਵਾ ਨਾ ਫਰੋਲਿਓ, ਮੇਰੀਆਂ ਹੱਡੀਆਂ ਚੁਗਣ ਨਾ ਆਇਓ। 

ਕੱਚੀ ਲੱਸੀ ਨਾਲ ਧੋ ਅਸਥੀਆਂ, ਕੀਰਤਪੁਰ ਨਾ ਲੈ ਜਾਇਓ। 

ਸਵਾਹ ਸਿੰਘ ਅਵਤਾਰ ਦੀ ਸਾਰੀ, ਪਾਣੀ ਵਿੱਚ ਵਹਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ।

  1. ਮੰਜਾ-ਬਿਸਤਰਾ, ਭਾਂਡੇ, ਨਕਦੀ ਦਾ, ਨਾ ਪਾਰਸਲ ਤੁਸੀ ਕਰਾਇਓ। 

ਵਿਛੜੀ ਰੂਹ ਲਈ ਨਿਵਾਸ ਚਰਨਾ ਦਾ, ਨਾ ਝੂਠੀ ਅਰਦਾਸ ਕਰਾਇਓ। 

ਜਿਉਂਦੇ ਮੈਂ ਚਰਨਾਂ ਵਿੱਚ ਬਹਿ ਕੇ ਉਹਦੇ ਗੁਣ ਨੇ ਗਾਏ। 

ਮੇਰੀ ਸੱਧਰ ਭੋਗ ਮੇਰੇ ਤੇ, ਕੱਥਾ ਵਖਿਆਨ ਜ਼ਰੂਰ ਹੀ ਅਲਾਏ। 

ਦੱਸੀ ਗੁਰ ਮਰਿਯਾਦਾ ਨੂੰ, ਕੋਈ ਵਿਰਲਾ ਹੀ ਨਿਭਾਏ।

ਅਵਤਾਰ ਸਿੰਘ, ਮੁੱਲਾਪੁਰ, ਰਾਏਕੋਟ, ਲੁਧਿਆਣਾ, ਪੰਜਾਬ 

ਫੋਨ ਨੰ. : 98722 37764