Loader Image

ਕੋਈ ਲੋੜ ਨਹੀਂ

ਅੰਮ੍ਰਿਤ ਵੇਲੇ ਉੱਠਣ ਦੀ, ਸਿਮਰਨ ਕਰਨ ਦੀ, ਨਿਤਨੇਮ ਕਰਨ ਦੀ, ਦੋ ਟਾਈਮ ਗੁਰਦੁਆਰੇ ਹਾਜ਼ਰੀ ਭਰਨ ਦੀ, ਦੂਜੇ ਦਾ ਹੱਕ ਦੇਣ ਦੀ, ਸੱਚ ਬੋਲਣ ਦੀ, ਨੇਕ ਕਮਾਈ ਕਰਨ ਦੀ, ਗੁਰੂ ਦੀ ਗੋਲਕ ਦੀ ਠੀਕ ਵਰਤੋਂ ਕਰਨ ਦੀ, ਸ਼ਰਾਬ ਛੱਡਣ ਦੀ, ਮੀਟ, ਮੱਛੀ ਤੇ ਅੰਡਾ ਛੱਡਣ ਦੀ, ਫੈਸ਼ਨ (ਦਾੜੀ ਤੇ ਕੇਸ ਰੰਗਣ, ਮੇਕਅਪ ਕਰਨ, ਮਾਡਰਨ ਤੇ ਭੜਕੀਲੇ ਕੱਪੜੇ ਪਾਉਣ ਦੀ ਆਦਿ) ਛੱਡਣ ਦੀ, ਦੁਨੀਆਂ ਦੇ ਸਾਰੇ ਐਬਾਂ ਨੂੰ ਛੱਡਣ ਦੀ, ਪਖੰਡ ਛੱਡਣ ਦੀ ਕੋਈ ਲੋੜ ਨਹੀਂ, ਆਦਿ।

ਕੋਈ ਲੋੜ ਨਹੀਂ ਇਨ੍ਹਾਂ ਉਪਰਲੇ ਕੰਮਾਂ ਨੂੰ ਕਰਨ ਤੇ ਛੱਡਣ ਦੀ ਕਿਉਂਕਿ ਸਾਡੇ ਮਰਨ ਤੇ ਪਰਵਾਰ ਨੇ ਸਾਡੇ ਸੰਸਕਾਰ ਤੋਂ ਬਾਅਦ ਸਾਡੀਆਂ ਹੱਡੀਆਂ ਨੂੰ ਕੱਚੀ ਲੱਸੀ ਨਾਲ ਧੋ ਕੇ, ਚਿੱਟੀ ਜਾਂ ਲਾਲ ਥੈਲੀ ਵਿਚ ਪਾ ਕੇ, ਕੀਰਤਪੁਰ ਜਲ ਪ੍ਰਵਾਹ ਕਰ ਦੇਣਾ ਹੈ ਤੇ ਅਖੰਡ ਪਾਠ ਵੀ ਕਰਵਾ ਦੇਣਾ ਹੈ। ਭਾਂਡੇ, ਬਿਸਤਰੇ ਤੇ ਰਾਸ਼ਨ ਵੀ ਗੁਰਦੁਆਰੇ ਸਾਡੇ ਨਮਿਤ ਦੇ ਦੇਣਾ ਹੈ ਤੇ ਮੋਟੀ ਰਕਮ ਦਾਨ ਪੁੰਨ ਲਈ ਕੱਢ ਦੇਣੀ ਹੈ। ਰਾਗੀ ਸਿੰਘਾਂ ਨੇ ਇਹ ਸ਼ਬਦ ਵੀ ਪੜ੍ਹ ਦੇਣੇ ਹਨ 

"ਗੁਰਮੁਖਿ ਜਨਮ ਸਵਾਰਿ ਦਰਗਹ ਚਲਿਆ, 
"ਦੇਹੁ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ

ਅਤੇ “ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥” ਆਦਿ, ਤੇ ਗ੍ਰੰਥੀ ਸਿੰਘ ਨੇ ਵੀ ਅਰਦਾਸ ਵਿਚ ਇਹ ਕਹਿ ਦੇਣੈ, “ਸੱਚੇ ਪਾਤਸ਼ਾਹ ਜੀ ਅਮੁਕ ਬੰਦੇ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖਸ਼ਣਾ ਤੇ ਪਿੱਛੋਂ ਕਿਸੇ ਲੀਡਰ ਨੇ, ਪਰਿਵਾਰ ਦੀਆਂ ਤੇ ਸਾਡੀਆਂ ਤਾਰੀਫਾਂ ਕਰਨ ਤੋਂ ਬਾਅਦ ਇਹ ਕਹਿ ਦੇਣਾ, “ਮੈਂ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਥਾਂ ਬਖਸ਼ਣ।


ਬਸ… ਹੋ ਗਿਆ ਕੰਮ ਪੂਰਾ। ਤਾਂ ਫਿਰ ਕੀ ਲੋੜ ਪਈ ਹੈ ਉਪਰਲੇ ਕੰਮ ਕਰਨ ਤੇ ਛੱਡਣ ਦੀ ਤੇ ਆਪਣੇ ਸਰੀਰ ਨੂੰ ਤਕਲੀਫ ਦੇਣ ਦੀ, ਆਪਣੇ ਮਨ ਨੂੰ ਮਾਰਨ ਦੀ, ਦੁਨੀਆਂ ਦੀਆਂ ਰੀਤਾਂ ਤੋਂ ਪਿਛਾਂਹ ਹੱਟਣ ਦੀ। ਪਰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰਿਆਂ ਸਹਿਜੇ ਹੀ ਚਾਨਣਾ ਹੋ ਜਾਂਦਾ ਹੈ ਕਿ ਸਾਡੇ ਮਰਨ ਤੋਂ ਬਾਅਦ ਪਰਿਵਾਰ ਵੱਲੋਂ ਕੀਤੇ ਉੱਪਰਲੇ ਕਰਮਕਾਂਡ ਸਾਡਾ ਭਲਾ ਕਦੇ ਨਹੀਂ ਕਰ ਸਕਦੇ। ਗੁਰਬਾਣੀ ਤਾਂ ਸਾਨੂੰ ਹੇਠ ਲਿਖੀਆਂ ਤੁਕਾਂ ਰਾਹੀਂ ਬਾਰ-ਬਾਰ ਸਮਝਾ ਰਹੀ ਹੈ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥
ਫਰੀਦਾ ਅਮਲਿ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥ 
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥ 
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ 
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥
ਥਾਉ ਨਾ ਪਾਇਨਿ ਕੂੜਿਆਰਿ ਮੁਹ ਕਾਲੈ ਦੋਜਕਿ ਚਾਲਿਆ... 

ਗੁਰਬਾਣੀ ਮੁਤਾਬਿਕ, ਮਰਨ ਤੋਂ ਬਾਅਦ ਉਸੇ ਸੱਜਣ ਨੂੰ ਹੀ ਚਰਨਾਂ ਵਿਚ ਥਾਂ ਮਿਲਦੀ ਹੈ ਜਿਹੜਾ ਜੀਵਨ ਕਾਲ ਵਿਚ ਹੀ ਚਰਨਾਂ ਵਿਚ ਜੁੜਿਆ ਹੁੰਦਾ ਹੈ। ਇਸੇ ਲਈ ਇਨ੍ਹਾਂ ਉਪਰਲੇ ਕੰਮਾਂ ਤੋਂ ਇਲਾਵਾ ਵੀ ਹੋਰ ਅਜਿਹੇ ਬਹੁਤ ਸਾਰੇ ਚੰਗੇ ਕਰਮ ਕਰਨ ਦੀ ਸਖ਼ਤ ਲੋੜ ਹੈ।