Loader Image

ਭਾਗਾਂ ਵਾਲੇ ਨੇ

ਆਪਣੀ 75 ਸਾਲ ਦੀ ਉਮਰ ਦੌਰਾਨ ਮੈਨੂੰ ਕਈ ਵਾਰ ਸ਼ਮਸ਼ਾਨ ਭੂਮੀ ਤੇ ਮਿਰਤਕ ਪ੍ਰਾਣੀਆਂ ਦੇ ਦਾਹ ਸਂਸਕਾਰ ਲਈ ਜਾਣਾ ਪਿਆ। ਜਦੋਂ ਮਿਰਤਕ ਪ੍ਰਾਣੀ ਨੂੰ ਸ਼ਮਸ਼ਾਨ ਭੂਮੀ ਲੈ ਜਾਣ ਲਈ ਅਰਥੀ ’ਤੇ ਪਾਇਆ ਜਾਂਦਾ ਹੈ, ਉਸ ਵਕਤ ਪੁੱਤਰ, ਪੋਤਰੇ, ਨੂੰਹਾਂ ਜਾਂ ਹੋਰ ਸਾਕ ਸੰਬੰਧੀ ਮਿਰਤਕ ਪ੍ਰਾਣੀ ਨੂੰ, ਪੈਸੇ ਰੱਖਕੇ ਜਾਂ ਉਂਝ ਹੀ ਮੱਥਾ ਟੇਕਦੇ ਹਨ। ਇਸੇ ਤਰ੍ਹਾਂ ਮਿਰਤਕ ਪ੍ਰਾਣੀ ਨੂੰ ਚਿਤਾ ’ਤੇ ਰੱਖਕੇ, ਲਾਂਬੂ ਲਾਉਣ ਵਾਲਾ ਪੁੱਤਰ ਮਿਰਤਕ ਦੇਹ ਦੀ ਪ੍ਰਕਰਮਾ ਕਰਦਾ ਹੈ। ਓਦੋਂ ਮੇਰੇ ਮਨ ਵਿਚ ਤੇ ਮੇਰੇ ਵਰਗੇ ਕਈਆਂ ਹੋਰਾਂ ਦੇ ਮਨਾਂ ਵਿਚ ਇਹ ਸਵਾਲ ਉਠਦਾ ਹੈ ਕਿ ਕੀ ਇਨ੍ਹਾਂ ਬੱਚਿਆਂ ਅਤੇ ਸਾਕ ਸੰਬੰਧੀਆਂ ਨੇ ਪ੍ਰਾਣੀ ਦੇ ਜੀਵਨ ਕਾਲ ਵਿਚ ਵੀ ਕਦੇ ਮੱਥਾ ਟੇਕਿਆ ਹੈ ਜਾਂ ਪ੍ਰਕਰਮਾ ਕੀਤੀ ਹੈ?

ਪਰ ਆਮ ਦੇਖਣ ਵਿਚ ਇਹ ਆ ਰਿਹਾ ਹੈ ਕਿ ਮਾਤਾ-ਪਿਤਾ ਦੇ ਜੀਵਨ ਕਾਲ ਵਿਚ ਮੱਥਾ ਟੇਕਣਾ ਜਾਂ ਪ੍ਰਕਰਮਾ ਕਰਨਾ ਤਾਂ ਪਾਸੇ ਰਿਹਾ ਕਈ ਪੁੱਤਰ (ਇਕ ਦੀ ਗੱਲ ਹੀ ਛੱਡੋ) ਮਿਲਕੇ ਵੀ, ਮਾਤਾ-ਪਿਤਾ ਦੀ ਸੇਵਾ ਸੰਭਾਲ ਨਹੀਂ ਕਰਦੇ। ਕੀ ਇਹ ਸਾਡੇ, ਆਪਣੇ ਆਪ ਨੂੰ ਸਤਸੰਗੀ ਕਹਿਲਾਉਣ ਵਾਲਿਆਂ ਲਈ ਬੜੀ ਹੀ ਮਾੜੀ ਗੱਲ ਨਹੀਂ?

ਭਾਈ ਸਾਹਿਬ ਭਾਈ ਗੁਰਦਾਸ ਜੀ ਅਜਿਹੇ ਪੁੱਤਰਾਂ ਨੂੰ ਦੇਖਕੇ, ਜੋ ਗੁਰਦੁਆਰੇ ਮੰਦਰ ਤਾਂ ਜਾਂਦੇ ਹਨ, ਪਾਠ-ਪੂਜਾ, ਦਾਨ-ਪੁੰਨ, ਤੀਰਥ-ਇਸ਼ਨਾਨ ਵੀ ਕਰਦੇ ਹਨ ਤੇ ਵਰਤ ਵੀ ਰੱਖਦੇ ਹਨ ਪਰ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਨਹੀਂ ਕਰਦੇ, ਉਨ੍ਹਾਂ ਬੱਚਿਆਂ ਨੂੰ ਆਪਣੀ ਬਾਣੀ ਵਿਚ ਬੇਈਮਾਨ ਤੇ ਅਗਿਆਨੀ ਤਕ ਕਹਿ ਦੇਂਦੇ ਹਨ:

“ਮਾਂ ਪਿਉ ਪਰਹਰਿ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ ॥ ”

ਗੁਰੂ ਰਾਮਦਾਸ ਜੀ ਵੀ ਆਪਣੀ ਬਾਣੀ ਵਿਚ ਪੁੱਤਰ ਨੂੰ ਪੁੱਛਦੇ ਹਨ ਕਿ ਹੇ ਪੁੱਤਰ ਮਾਤਾ-ਪਿਤਾ ਨਾਲ ਝਗੜਾ ਕਿਉਂ ਕਰਦਾ ਹੈਂ? ਤੇ ਨਾਲ ਹੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਪੁੱਤਰ ਜਿਸ ਮਾਤਾ-ਪਿਤਾ ਨੇ ਤੈਨੂੰ ਜਨਮ ਦਿੱਤਾ ਤੇ ਪਾਲ ਪੋਸ ਕੇ ਵੱਡਾ ਕੀਤਾ, ਉਹਨਾਂ ਨਾਲ ਝਗੜਾ ਕਰਨਾ ਪਾਪ ਹੈ।

“ਕਾਹੇ ਪੂਤ ਝਗਰਤ ਹਉ ਸੰਗਿ ਬਾਪ,

ਜਿਨਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥ ”

ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਬਾਣੀ ਵਿਚ ਇੰਝ ਫੁਰਮਾਨ ਕਰਦੇ ਹਨ: 

“ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾਂ ਮਨ ਨੈਕ ਨ ਆਨੈ॥” 

ਭਾਵ, ਸਿਰਫ ਪਰਮੇਸਰ, (ਜੋ ਜਾਗਤੀ ਜੋਤਿ ਹੈ) ਦਾ ਹੀ ਸਿਮਰਨ ਕਰਨਾ ਹੈ ਹੋਰ ਕਿਸੇ ਮੜੀਆਂ-ਮਸਾਣਾਂ, ਕਬਰਾਂ, ਬੁੱਤਾਂ ਮੂਰਤੀਆਂ ਤੇ ਮਿਰਤਕਾਂ ਦੀ ਪੂਜਾ ਬਿਲਕੁਲ ਵੀ ਨਹੀਂ ਕਰਨੀ। ਸੋ ਮਾਤਾ-ਪਿਤਾ ਨੂੰ (ਬਜ਼ੁਰਗ ਤੇ ਸਤਿਕਾਰਯੋਗ ਹੋਣ ਦੇ ਨਾਤੇ) ਰੋਜ਼ਾਨਾ ਮੱਥੇ ਟੇਕੋ, 
ਪ੍ਰਕਰਮਾ ਕਰੋ ਪਰ ਜਦੋਂ ਉਹ ਜੀਵਨ-ਕਾਲ ਵਿਚ ਹਨ ਤਾਂ, ਪ੍ਰਾਣ ਤਿਆਗਣ ਤੋਂ ਬਾਅਦ ਨਹੀਂ। ਇਸ ਲਈ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਅਜੇ ਜੀਵਨ-ਕਾਲ ਵਿਚ (ਜੀਉਂਦੇ ਹਨ ਉਹ ਭਾਗਾਂ ਵਾਲੇ ਹਨ ਕਿਉਂਕਿ ਉਹ ਬੱਚੇ ਆਪਣੇ ਮਾਤਾ-ਪਿਤਾ ਦੀ ਹਰ ਤਰ੍ਹਾਂ ਦੀ  ਸੇਵਾ-ਸੰਭਾਲ ਕਰਕੇ, ਉਨ੍ਹਾਂ ਤੋਂ ਅਸੀਸਾਂ ਲੈ ਸਕਦੇ ਹਨ। 

ਨੋਟ:
1. ਮੂਰਤੀਆਂ ਨੂੰ ਪੂਜਣ ਵਾਲਿਆਂ, ਮੁਰਦੇ ਨੂੰ ਮੱਥਾ ਟੇਕਣ ਅਤੇ ਪ੍ਰਕਰਮਾ ਕਰਨ ਵਾਲਿਆਂ, ਮੜੀਆਂ ਨੂੰ ਸਿਰ ਝੁਕਾਉਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਵਿਚ ਪਸ਼ੂ ਕਹਿੰਦੇ ਹਨ

“ਕੋਊ ਬੁਤਾਨ ਕੋ ਪੂਜਤ ਹੈ ਪਸੁ । ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥” 

ਸੋ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਤਾਂ ਇਹ ਕੰਮ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ।

2. ਸੱਸ-ਸਹੁਰਾ ਵੀ ਮਾਤਾ-ਪਿਤਾ ਹੀ ਹੁੰਦੇ ਹਨ (ਬੱਚੀ ਅਤੇ ਬੱਚਾ ਦੋਨਾ ਲਈ) 

3. ਸੋ ਉੱਪਰ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਮੁਤਾਬਿਕ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਜੀਵਨ ਕਾਲ ਵਿਚ ਇਸ ਤਰ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਰੋਟੀ, ਕੱਪੜਾ, ਪੈਸਾ, ਇਲਾਜ ਅਤੇ ਇੱਜ਼ਤ-ਮਾਣ ਦੀ ਕਮੀ ਮਹਿਸੂਸ ਨਾ ਹੋਵੇ।

ਕਈ ਭਾਗਾਂ ਵਾਲੇ ਬੱਚੇ ਆਪਣੇ ਬਜ਼ੁਰਗਾਂ ਦੀ ਹਰ ਤਰ੍ਹਾਂ ਦੀ ਸੇਵਾ ਸੰਭਾਲ ਕਰਦੇ ਹੋਏ ਉਨ੍ਹਾਂ ਦੇ ਹਰ ਹੁਕਮ ਨੂੰ ਮੰਨਣ ਲਈ ਤੱਤਪਰ ਰਹਿੰਦੇ ਹਨ। ਪਰ ਕਈ ਵਾਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਅਜਿਹੇ ਆਗਿਆਕਾਰੀ ਬੱਚਿਆਂ ਦੇ ਬਜ਼ੁਰਗ ਅਗਿਆਨ-ਵਸ ਬੱਚਿਆਂ ਨੂੰ ਗੁਰੂ ਸਿੱਖਿਆ ਦੇ ਉਲਟ ਕੰਮ ਕਰਨ ਲਈ ਪ੍ਰੇਰਦੇ ਹਨ ਜਾਂ ਮਜ਼ਬੂਰ ਕਰਦੇ ਹਨ। ਅਜਿਹੇ ਗੁਰੂ ਸਵਾਰੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੇ ਇਸ ਤਰ੍ਹਾਂ ਦੇ ਅਗਿਆਨ ਵੱਸ ਕੀਤੇ ਹੁਕਮ ਬਿਲਕੁਲ ਨਹੀਂ ਮੰਨਣੇ ਚਾਹੀਦੇ। ਇਸ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਦੀ “ਜਨੇਊ ਨ ਪਹਿਨਣ” ਵਾਲੀ ਸਾਖੀ, ਬਹੁਤ ਹੀ ਪ੍ਰੇਰਨਾਦਾਇਕ ਹੈ।