Loader Image

ਕੀ ਰੱਬ ਅਮੀਰਾਂ ਦਾ?

ਅਸੀਂ ਸਾਰੇ ਜਾਣਦੇ ਹਾਂ ਕਿ ਦੁਨਿਆਵੀ ਤੌਰ ‘ਤੇ ਅਮੀਰ ਕੌਣ ਹੁੰਦਾ ਹੈ ਤੇ ਗਰੀਬ ਕੌਣ। ਅਮੀਰ ਆਦਮੀ ਹਰ ਮੌਕੇ ‘ਤੇ ਧਨ ਖਰਚ ਸਕਦਾ ਹੈ ਪਰ ਗਰੀਬ ਆਦਮੀ ਨਹੀਂ ਖਰਚ ਸਕਦਾ। ਭਾਂਵੇਂ ਧਨ ਖਰਚ ਕਰਕੇ ਅਮੀਰ ਆਦਮੀ ਦੁਨੀਆਂ ਦੇ ਲੋਕਾਂ ਦੀ ਵਾਹ-ਵਾਹ ਤਾਂ ਖਟ ਸਕਦਾ ਹੈ ਪਰ ਪਰਮੇਸਰ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਗੁਰ-ਵਿਚਾਰਧਾਰਾ ਅਨੁਸਾਰ ਤਾਂ ਗੁਰੂ ਦੀ ਖੁਸ਼ੀ ਉਹੀ ਪ੍ਰਾਪਤ ਕਰ ਸਕਦਾ ਹੈ ਜੋ ਗੁਰ-ਦਰਸਾਏ ਮਾਰਗ ਨੂੰ ਅਪਨਾਉਂਦਾ ਹੋਵੇ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ | ਆਮ ਤੌਰ ਤੇ ਵੇਖਣ ਵਿਚ ਆ ਰਿਹਾ ਹੈ ਕਿ ਅਮੀਰ ਆਦਮੀ ਧਨ ਦੇ ਜੋਰ ਨਾਲ ਰੱਬ ਨੂੰ ਖੁਸ਼ ਕਰਨ ਦਾ ਜੋਰ ਲਗਾ ਰਿਹਾ ਹੈ। ਨਹੀਂ-ਨਹੀਂ, ਮੇਰਾ ਇੱਥੇ ਇਹ ਲਿਖਣਾ ਭੀ ਗਲਤ ਹੈ ਕਿ ਅਮੀਰ ਆਦਮੀ ਧਨ ਦੇ ਜੋਰ ਨਾਲ ਰੱਬ ਨੂੰ ਖੁਸ਼ ਕਰਨ ਦਾ ਯਤਨ ਕਰ ਰਿਹਾ ਹੈ। ਨਹੀਂ, ਉਹ ਵਿਚਾਰਾ ਤਾਂ ਦੁਨੀਆਂ ਦੇ ਲੋਕਾਂ ਨੂੰ, ਗ੍ਰੰਥੀਆਂ ਨੂੰ, ਸੇਵਾਦਾਰਾਂ ਨੂੰ, ਕੀਰਤਨੀਆਂ ਨੂੰ ਅਤੇ ਲੀਡਰਾਂ ਨੂੰ ਹੀ ਖੁਸ਼ ਕਰਨ ਦੇ ਯਤਨ ਵਿਚ ਹੀ ਲੱਗਾ ਹੋਇਆ ਹੈ। ਰੱਬ ਨੂੰ ਖੁਸ਼ ਕਰਨ ਦਾ ਤਾਂ ਉਸ ਨੇ ਅਜੇ ਸੁਪਨੇ ਵਿਚ ਵੀ ਨਹੀਂ ਸੋਚਿਆ । ਜੇ ਸੋਚਿਆ ਹੋਵੇ, ਤਾਂ ਉਸ ਨੂੰ ਗੁਰਬਾਣੀ ਦੀਆਂ ਇਹ ਤੁਕਾਂ ਤੇ ਇਸ ਨਾਲ ਦੀਆਂ ਹੋਰ ਤੁਕਾਂ ਹਮੇਸ਼ਾਂ ਯਾਦ ਰਹਿਣ:

ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ 

(ਰਾਮਕਲੀ ਮ:5 ਅੰਗ 962)

ਮੈਂ ਜੋ ਉਪਰ ਹੈਡਿੰਗ ਵਿਚ ਲਿਖਿਆ ਹੈ, ‘ਕੀ ਰਬ ਅਮੀਰਾਂ ਦਾ?’, ਤੋਂ ਮੇਰਾ ਮਤਲਬ ਹੈ ਕਿ ਅਮੀਰ ਆਦਮੀ ਤਾਂ ਪੈਸੇ ਖਰਚ ਕੇ ਰਬ ਦੀ ਖੁਸ਼ੀ ਲੈ ਲਵੇਗਾ ਪਰ ਗਰੀਬ ਆਦਮੀ ਜੋ ਧਨ ਖਰਚ ਹੀ ਨਹੀਂ ਸਕਦਾ, ਉਸਦਾ ਕੀ ਬਣੇਗਾ? ਇਸ ਹਿਸਾਬ ਨਾਲ ਤਾਂ ਰਬ ਵੀ ਵਿਕਾਊ ਮਾਲ ਹੋ ਗਿਆ, ਜਿਸ ਨੂੰ ਅਮੀਰ ਨੇ ਧਨ ਖਰਚ ਕੇ ਖਰੀਦ ਲਿਆ। ਇਥੇ ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਮਿਰਤਕ ਪ੍ਰਾਣੀ ਦੇ ਪ੍ਰਾਣ ਤਿਆਗਣ ਤੋਂ ਬਾਅਦ ਉਸ ਤਰ੍ਹਾਂ ਹੀ ਪਰਵਾਰ ਦੀ ਤਿਜੋਰੀ ਖੁੱਲ੍ਹਦੀ ਹੈ ਜਿਸ ਤਰ੍ਹਾਂ ਵਿਆਹ ਵੇਲੇ। ਆਓ, ਗੌਰ ਕਰੀਏ, ਕਿ ਮਿਰਤਕ ਸੰਸਕਾਰ ਵੇਲੇ, ਮੌਜੂਦਾ ਸਮੇਂ ਚਲ ਰਹੀਆਂ ਰਸਮਾਂ ਅਧੀਨ ਕੀਤੇ ਜਾ ਰਹੇ ਹੇਠ ਲਿਖੇ ਕਾਰਜਾਂ ਚੋਂ ਕਿਹੜੇ / ਕਾਰਜ ਲਈ ਧਨ ਦੀ ਲੋੜ ਨਹੀਂ ਹੁੰਦੀ:

  1. ਕਫਨ ਲਈ
  2. ਸੰਸਕਾਰ ਲਈ ਸਮਗਰੀ ਲਈ 
  3. ਸ਼ਮਸ਼ਾਨ ਤੇ ਆਚਾਰਜੀ (ਪੰਡਿਤ) ਲਈ 
  4. ਗੁਰਦੁਆਰੇ ਕੜਾਹ ਪ੍ਰਸ਼ਾਦ ਲਈ 
  5. ਘਰ ਆਏ ਮਹਿਮਾਨਾਂ ਵਾਸਤੇ ਰੋਟੀ ਚਾਹ ਲਈ 
  6. ਚੌਥੇ ਦੇ ਪ੍ਰੋਗਰਾਮ ਲਈ 
  7. ਕੀਰਤਪੁਰ ਜਾਣ-ਆਣ ਲਈ 
  8. ਅਖੰਡ ਪਾਠ ਕਰਾਣ ਲਈ 
  9. ਤਿੰਨ ਦਿਨ ਕੜਾਹ ਪ੍ਰਸ਼ਾਦ ਲਈ 
  10. ਰੁਮਾਲੇ ਲਈ, ਹਾਰਾਂ ਲਈ 
  11. ਕੀਰਤਨ ਲਈ
  12. ਸੇਵਾਦਾਰਾਂ ਲਈ
  13. ਬਿਸਤਰੇ, ਭਾਂਡੇ, ਰਾਸ਼ਨ ਲਈ

ਗੁਰੂ ਸਾਹਿਬ ਨੇ ਸਾਨੂੰ ਬੜੀ ਹੀ ਸੁਚੱਜੀ ਅਤੇ ਸੌਖੀ ਜੀਵਨ-ਜਾਚ ਬਖਸ਼ੀ ਹੈ। ਆਓ ਵਿਚਾਰੀਏ, ਕੀ ਮਿਰਤਕ ਸੰਸਕਾਰ ਵੇਲੇ ਵੀ ਅਸੀਂ ਦੁਨੀਆਂ ਦੇ ਮਗਰ ਲੱਗ ਕੇ ਜਾਂ ਅਣਜਾਣ ਪੁਣੇ ‘ਚ ਪੈਸੇ ਦੀ ਫਜ਼ੂਲਖਰਚੀ ਜਾਂ ਆਪਣੀ ਅਮੀਰੀ ਦਾ ਪ੍ਰਦਰਸ਼ਨ ਤਾਂ ਨਹੀਂ ਕਰ ਰਹੇ ਹੁੰਦੇ, ਕਿਉਂਕਿ ਕਿਸੇ ਵੀ ਨਜ਼ਰੀਏ ਤੋਂ ਰੱਬ ਪੈਸੇ ਨਾਲ ਨਹੀਂ ਪਸੀਜਦਾ। ਉਹ ਤਾਂ ਭਾਉ-ਭਗਤ ਦਾ ਭੁੱਖਾ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਆਪਣੀ ਬਾਣੀ ‘ਚ ਲਿਖਦੇ ਹਨ:-

ਗੋਬਿੰਦ ਭਾਉ ਭਗਤਿ ਦਾ ਭੁਖਾ ॥ (ਭਾਈ ਗੁਰਦਾਸ ਜੀ, ਵਾਰ 10, ਪਉੜੀ 17)

ਅਮੀਰਾਂ ਨੂੰ ਚਾਹੀਦਾ ਹੈ ਕਿ ਓਹ ਵਿਆਹ ਹੋਵੇ ਭਾਵੇਂ ਮਿਰਤਕ ਸੰਸਕਾਰ ਫਜੂਲ ਖਰਚੀ ਅਤੇ ਦਿਖਾਵੇ ਤੋਂ ਬਚਣ, ਕਿਉਂਕਿ ਗਰੀਬ ਇਨਸਾਨ ਉਨ੍ਹਾਂ ਦੀ ਨਕਲ ਕਰਕੇ ਦੋਨੋ ਮੌਕਿਆਂ ‘ਤੇ ਕਰਜਾਈ ਹੋ ਜਾਂਦਾ ਹੈ ਤੇ ਬਾਦ ਵਿਚ ਕਈ ਵਾਰ ਖੁਦਕਸ਼ੀ ਕਰਨ ‘ਤੇ ਮਜਬੂਰ ਹੋ ਜਾਂਦਾ ਹੈ। ਇਸੀ ਤਰ੍ਹਾਂ ਗਰੀਬਾਂ ਨੂੰ ਵੀ ਚਾਹੀਦਾ ਹੈ ਕਿ ਓਹ ਅਪਣੀ ਚਾਦਰ ਦੇ ਅਨੁਸਾਰ ਕੰਮ

ਕਰਨ, ਕਰਜਾ ਚੁੱਕਕੇ ਕੋਈ ਵੀ ਧਾਰਮਿਕ ਕੰਮ ਕਰਨ ਨਾਲ ਰੱਬ ਖੁਸ਼ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪ ਵੀ ਅਤੇ ਪ੍ਰਵਾਰ ਨੂੰ ਵੀ ਪੂਰੀ ਜਿੰਦਗੀ ਲਈ ਮੁਸੀਬਤ ਵਿਚ ਪਾ ਦਿੰਦੇ ਹਾਂ। ਗਰੀਬ ਆਦਮੀ ਤਾਂ ਆਪਣੇ ਦੋਵੇਂ (ਇਹ ਲੋਕ ਤੇ ਪਰਲੋਕ) ਬਰਬਾਦ ਕਰ ਲੈਂਦਾ ਹੈ। ਇਹ ਸਾਰਾ ਕੁਝ ਇਸ ਲਈ ਹੋ ਰਿਹਾ ਹੈ ਕਿ ਅਸੀਂ ਅਜੇ ਤਕ ਗੁਰੂ ਸਾਹਿਬਾਨ ਤੇ ਭਗਤ-ਜਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਹੀ ਨਹੀਂ ਭਾਂਵੇ ਅਸੀਂ ਆਪਣੇ ਵਲੋਂ ਸਾਰੇ ਧਾਰਮਿਕ ਕਰਮ ਵੀ ਕਰੀ ਜਾ ਰਹੇ ਹਾਂ । ਸੋ ਅੰਤ ਵਿਚ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਹਾਂ ਕਿ ਆਓ ਗਰੀਬ ਤੇ ਅਮੀਰ ਦੋਵੇਂ ਹੀ ਅੱਜ ਤੋਂ ਗੁਰ ਉਪਦੇਸ਼ਾਂ ਅਨੁਸਾਰ ਅਜ ਤੋਂ ਹੀ ਜੀਵਨ ਬਤੀਤ ਕਰਕੇ ਆਪਣਾ ਲੋਕ ਤੇ ਪਰਲੋਕ ਸਵਾਰ ਲਈਏ।

ਨਿਚੋੜ:- ਸੋ ਗੁਰੂ ਵਲੋਂ ਬਖਸ਼ੀ ਸੁਚੱਜੀ ਜੀਵਨ ਜਾਚ ਨੂੰ ਆਪਨਾਉਣਾ ਹੀ ਉਸਦੀ ਅਸਲ ਭਾਉ-ਭਗਤੀ ਹੈ। ਇਸ ਲਈ ਆਓ, ਫਜ਼ੂਲ ਦੇ ਖਰਚਿਆਂ ਤੇ ਕਰਮਕਾਂਡਾਂ ਤੋਂ ਬਚੀਏ ਅਤੇ ਸਮਾਜ ਵਿਚ ਗੁਰੂ ਬਖਸ਼ੀ ਨਿਰਮਲ ਵਿਚਾਰਧਾਰਾ ਦੀ ਖੁਸ਼ਬੋ ਵੰਡਣ ਲਈ ਜਤਨਸ਼ੀਲ ਹੋਈਏ।