Loader Image

ਸ਼ਰਧਾਂਜਲੀ

ਅੰਤਮ ਅਰਦਾਸ ਸਮੇਂ ਸ਼ਰਧਾਂਜਲੀ ‘ਗੁਰਮਤਿ’ ਜਾਂ “ਮਨਮਤਿ ਰੀਤੀ”

ਮਿਰਤਕ ਪ੍ਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਰਿਵਾਜ ਕਦੋਂ ਤੇ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਨਿਸ਼ਚਿਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਰੀਸੋ ਰੀਸੀ ਇਹ ਭੈੜਾ ਰਿਵਾਜ ਕੌੜੀ ਵੇਲ ਵਾਂਗ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਕੋਈ ਵੀ ਘਰਾਨਾ, ਭਾਂਵੇ ਵੱਡਾ ਹੋਵੇ ਜਾਂ ਛੋਟਾ, ਆਸਤਕ ਹੋਵੇ ਜਾਂ ਨਾਸਤਕ, ਧਰਮੀ ਹੋਵੇ ਜਾਂ ਅਧਰਮੀ, ਜਿਆਦਾਤਰ ਅਸੀਂ ਚਾਹੁਣ ਲੱਗ ਪਏ ਹਾਂ ਕਿ ਸਾਡੇ ਮਿਰਤਕ ਸਬੰਧੀ ਨੂੰ ਸ਼ਰਧਾਂਜਲੀ ਜਰੂਰ ਭੇਟ ਕੀਤੀ ਜਾਏ।

ਘਰ ਵਾਲਿਆਂ ਦੀ ਇਹ ਵੀ ਇੱਛਾ ਹੁੰਦੀ ਹੈ ਕਿ ਸ਼ਰਧਾਂਜਲੀ ਭੇਟ ਕਰਨ ਵਾਲਾ ਮਨੁੱਖ ਸਮਾਜ ਵਿੱਚ ਉੱਚਾ ਦਰਜਾ ਰੱਖਣ ਵਾਲਾ ਹੋਵੇ ਜਾਂ ਫਿਰ ਸਟੇਜ ਤੇ ਚੰਗਾ ਬੋਲ ਸਕਣ ਵਾਲਾ ਹੋਵੇ ਜੋ ਘਰ ਵਾਲਿਆਂ ਦੀ ਚੰਗੀ ਸਿਫਤ ਕਰ ਸਕਦਾ ਹੋਵੇ ਅਤੇ ਸੁਣਨ ਵਾਲਿਆਂ ਉੱਤੇ ਵੀ ਚੰਗਾ ਪ੍ਰਭਾਵ ਪਾ ਸਕਦਾ ਹੋਵੇ। ਇਸ ਤਰ੍ਹਾਂ ਦੇ ਬੋਲਣ ਵਾਲੇ ਲਗਭਗ ਹਰ ਵਰਗ ਵਿਚ ਮਿਲ ਹੀ ਜਾਂਦੇ ਹਨ ਜੋ ਲੋਕਾਂ ਦਾ ਘਰ ਪੂਰਾ ਕਰ ਦਿੰਦੇ ਹਨ।

ਮਿਰਤਕ ਪ੍ਰਾਣੀ ਦੀ ਆਤਮਾ ਦੀ ਕਲਿਆਨਤਾ ਲਈ ਰੱਖੇ ਅਖੰਡ ਪਾਠ ਜਾਂ ਸਹਿਜ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਕੀਰਤਨ ਕੀਤਾ/ਕਰਾਇਆ ਜਾਂਦਾ ਹੈ ਤੇ ਫਿਰ ਸ਼ਰਧਾਂਜਲੀ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਗੁਰੂ ਦੀ ਹਜੂਰੀ ਵਿੱਚ ਗੁਰਮਤਿ ਵੀਚਾਰਾਂ ਕਰਨੀਆਂ, ਜਿੰਦਗੀ ਤੇ ਮੌਤ ਦਾ ਫਲਸਫਾ ਸੰਗਤਾਂ ਨੂੰ ਦਰਸਾਉਣਾ, ਚੰਗੀ ਤੇ ਉੱਤਮ ਗੱਲ ਹੈ ਪਰ ਗੁਰੂ ਮਹਾਰਾਜ ਦੇ ਹਜੂਰ ਜਦ ਮਿਰਤਕ ਪ੍ਰਾਣੀ ਦੀਆਂ ਸਿਫਤਾਂ ਦੇ ਪੁਲ ਬੰਨਣ ਲੱਗਿਆਂ ਬੁਲਾਰਾ ਅੱਗਾ-ਪਿੱਛਾ ਹੀ ਭੁੱਲ ਜਾਂਦਾ ਹੈ ਅਤੇ ਐਸੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ ਜੋ ਉਸ ਵਿੱਚ ਹੁੰਦੀਆਂ ਹੀ ਨਹੀਂ ਸਨ ਤਾਂ ਇਹ ਬਹੁਤ ਵੱਡਾ ਝੂਠ ਸੁਣਕੇ ਹੀ ਦੁੱਖ ਹੁੰਦਾ ਹੈ।

ਇਹੋ ਜਿਹੀਆਂ ਸ਼ਰਧਾਂਜਲੀਆਂ ਸੁਣ ਕੇ ਲੋਕ ਮੂੰਹ ਨੀਵਾਂ ਕਰਕੇ ਹਸਦੇ ਉਡਾਂਉਂਦੇ ਹਨ। ਲੋਕੀ ਇਸ ਤਰ੍ਹਾਂ ਦੇ ਗਪੌੜੇ ਸੁਣ-ਸੁਣ ਕੇ ਕਈ ਵਾਰ ਤੰਗ ਵੀ ਪੈ ਜਾਂਦੇ ਹਨ ਕਿਉਂਕਿ ਉਹ ਮਿਰਤਕ ਪ੍ਰਾਣੀ ਦੇ ਗੁਣ-ਔਗੁਣ ਸੁਭਾਅ ਅਤੇ ਉਸਦੇ ਕੀਤੇ ਗਲਤ ਕੰਮਾ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ, ਪਰ ਬੋਲਣ ਵਾਲਾ ਵਿਚਾਰਾ ਕੀ ਕਰੇ ? ਉਸ ਨੇ ਤਾਂ ਸਚੀਆਂ ਝੂਠੀਆਂ ਕਹਿ ਕੇ ਘਰ ਵਾਲਿਆਂ ਨੂੰ ਵੀ ਤਾਂ ਖੁਸ਼ ਕਰਨਾ ਹੁੰਦਾ ਹੈ। 

ਕਈ ਵਾਰ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸ਼ਰਧਾਂਜਲੀ ਦੇਣ ਵਾਲਾ, ਮਿਰਤਕ ਦੀ ਥਾਂ ਘਰ ਵਾਲਿਆਂ ਦੀਆਂ ਹੀ ਸਿਫਤਾਂ ਕਰਨ ਲੱਗ ਜਾਂਦਾ ਹੈ ਤੇ ਇਉਂ ਜਾਪਣ ਲੱਗ ਜਾਂਦਾ ਹੈ ਕਿ ਘਰ ਵਾਲਿਆਂ ਨੇ ਇਹ ਸਮਾਗਮ ਆਪਣੀਆਂ ਸਿਫਤਾਂ ਕਰਾਉਣ ਲਈ ਹੀ ਰਚਿਆ ਹੈ।

ਇਹੋ ਜਿਹੇ ਬੁਲਾਰਿਆਂ ਨੂੰ ਝੂਠ ਬੋਲਦਿਆਂ ਨਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਪ੍ਰਵਾਹ ਹੁੰਦੀ ਹੈ, ਤੇ ਨਾਂ ਹੀ ਗੁਰੂ ਰੂਪ ਸੰਗਤ ਸਾਹਮਣੇ ਕੁਫਰ ਤੋਲਣ ਲੱਗਿਆਂ ਸ਼ਰਮ ਆਉਂਦੀ ਹੈ, ਹਾਲਾਂਕਿ ਸੰਬੋਧਨ ਕਰਨ ਲੱਗਿਆਂ ਸੰਗਤ ਨੂੰ ਗੁਰੂ ਦਾ ਰੂਪ ਉਹ ਆਪ ਹੀ ਕਹਿੰਦੇ ਹਨ।

ਈਮਾਨਦਾਰੀ ਨਾਲ ਵੇਖਿਆ ਜਾਏ ਤਾਂ ਇਹੋ ਜਿਹੀਆਂ ਸ਼ਰਧਾਂਜਲੀਆਂ ਭੇਟ ਕਰ-ਕਰ ਕੇ ਜਾਂ ਸੁਣ-ਸੁਣ ਕੇ ਆਪਣੀ ਆਤਮਾ ਦੀ ਆਵਾਜ਼ ਨੂੰ ਹੀ ਖਤਮ ਕਰਨਾ ਹੁੰਦਾ ਹੈ, ਜ਼ਮੀਰ ਨੂੰ ਦਬਾਉਣਾ ਹੁੰਦਾ ਹੈ ਜੋ ਕਿ ਇੱਕ ਵੱਡਾ ਦੋਸ਼ (ਮਹਾਨ ਪਾਪ) ਹੈ। ।

ਜੇ ਗੰਭੀਰਤਾ ਨਾਲ ਸੋਚੀਏ ਤਾਂ ਮਿਰਤਕ ਲਈ ਅਤੇ ਉਸਦੇ ਪਰਿਵਾਰ ਨੂੰ ਸ਼ਾਂਤੀ ਅਤੇ ਭਾਣਾ ਮੰਨਣ ਦਾ ਉਪਦੇਸ਼ ਗੁਰਬਾਣੀ ਦਾ ਪਾਠ ਅਤੇ ਕੀਰਤਨ ਨਾਲੋਂ ਵੱਧ ਹੋਰ ਕੌਣ ਦੇ ਸਕਦਾ ਹੈ ?

ਗੁਰਬਾਣੀ ਦੇ ਪਾਠ ਅਤੇ ਅਰਦਾਸ ਤੋਂ ਵੱਧ ਹੋਰ ਸੱਚੀ ਸ਼ਰਧਾਂਜਲੀ ਹੋ ਵੀ ਕੀ ਸਕਦੀ ਹੈ ? ਪਰ ਅਫਸੋਸ ! ਅਸੀਂ ਗੁਰੂ ਦੇ ਸਿੱਖ ਅਖਵਾਉਣ ਵਾਲੇ ਗੁਰਬਾਣੀ ਨੂੰ ਸਹੀ ਅਰਥਾਂ ਵਿਚ ਸਮਝਣ-ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਤੇ ਅਰਦਾਸ ਦੀ ਮਹਾਨਤਾ ਨੂੰ ਬਹੁਤਿਆਂ ਨੇ ਸਮਝਿਆ ਹੀ ਨਹੀਂ। ਜਾਂ ਜੇ ਸਮਝਿਆ ਹੈ ਤਾਂ ਮਚਲੇ ਬਣ ਕੇ ਨਿੱਤ ਨਵੇਂ ਇਹੋ ਜਿਹੇ ਡਰਾਮੇ ਰਚਦੇ ਅਤੇ ਵੇਖ ਕੇ ਆਪਣਾ ਕੀਮਤੀ ਸਮਾਂ (ਮਨੁੱਖਾ ਜਨਮ) ਨਸ਼ਟ ਕਿਉਂ ਕਰਦੇ ਚਲੇ ਆ ਰਹੇ ਹਨ ?|

ਕੁਝ ਵੀ ਹੋਵੇ, ਗੁਰੂ ਮਹਾਰਾਜ ਦੇ ਹਜ਼ੂਰ ਕੀਰਤਨ-ਕਥਾ, ਗੁਰਮਤਿ-ਵਿਚਾਰਾਂ ਅਤੇ ਅਰਦਾਸ ਤੋਂ ਇਲਾਵਾ ਮਿਰਤਕ ਪ੍ਰਾਣੀ ਨੂੰ ਵਿਖਾਵੇ ਦੀਆਂ ਸ਼ਰਧਾਂਜਲੀਆਂ ਭੇਟ ਕਰਨਾ, ਕਿਸੇ ਪੱਖੋਂ ਵੀ ਗੁਰਮਤਿ ਅਨੁਸਾਰ ਠੀਕ ਨਹੀਂ। ਇਹ ਨਿਰੀ ਮਨਮਤਿ ਹੈ, ਇਸ ਲਈ ਇਹ ਕੋਝਾ ਰਿਵਾਜ ਬਿਲਕੁਲ ਬੰਦ ਕਰਨਾ ਤੇ ਕਰਾਉਣਾ ਚਾਹੀਦਾ ਹੈ।

To Download PDF of

60 KB