Loader Image

ਕੀ ਤੁਸੀਂ ਕਦੇ ਪੜ੍ਹਿਆ, ਸੁਣਿਆ ਜਾਂ ਵੇਖਿਆ?

ਅਸੀਂ ਆਪਣੀ ਜਿੰਦਗੀ ਵਿਚ ਗਰੀਬ ਤੇ ਅਮੀਰ, ਬਿਮਾਰ ਤੇ ਤੰਦਰੁਸਤ, ਪੜ੍ਹੇ ਤੇ ਅਨਪੜ੍ਹ, ਸੱਚੇ ਤੇ ਝੂਠੇ, ਕਸਾਈ ਤੇ ਦਇਆਵਾਨ ਦੇਖੇ, ਪਰ ਤੁਸੀਂ ਕਦੇ ਕਿਸੇ ਪ੍ਰਾਣੀ ਦੀ ਮੌਤ ਹੋਣ ਜਾਣ ਤੋਂ ਬਾਦ ਉਸਦੇ ਪਰਵਾਰ ਵੱਲੋਂ ਉਸ ਦਾ ਕਿਰਿਆ ਕਰਮ ਆਮ ਦੁਨੀਆਂ ਦੇ ਨਾਲੋਂ ਹਟਕੇ ਕਰਦੇ ਕਦੇ ਵੇਖਿਆ ਜਿਸ ਤਰ੍ਹਾਂ ਕਿ:
ਘਰ ਦੇ ਜੀਵ ਦੇ ਪਰਲੋਕ ਗਮਨ’ ਤੇ ਰੋਣ ਦੀ ਬਜਾਇ ਵਾਹਿਗੁਰੂ ਸਿਮਰਨ,ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ।
ਮਿਰਤਕ ਪ੍ਰਾਣੀ ਨੂੰ ਮੰਜੇ ਤੋਂ ਥੱਲੇ ਉਤਾਰਨ ਦੀ ਬਜਾਇ ਮੰਜੇ 'ਤੇ ਰਹਿਣ ਦੇਣਾ। 
ਮਿਰਤਕ ਦੇ ਸਰੀਰ ਨੂੰ ਅਰਥੀ ਤੇ ਪਾਉਣ ਤੋਂ ਪਹਿਲਾਂ ਇਸ਼ਨਾਨ ਨਾ ਕਰਾਣਾ। 
ਮਿਰਤਕ ਨੂੰ ਨਵੇਂ ਕੱਪੜਿਆਂ ਦੀ ਜਗ੍ਹਾ ਘਰ ਵਾਲੇ ਕੱਪੜੇ ਹੀ ਪਾਉਣਾ ਤੇ ਦੁਸ਼ਾਲੇ,ਚਾਦਰਾਂ ਬਿਲਕੁਲ ਨਾ ਪਾਉਣੀਆਂ। 
ਮਿਰਤਕ ਪ੍ਰਾਣੀ ਨੂੰ ਪੁੱਤਰਾਂ-ਨੂੰਹਾਂ, ਪੋਤਰਿਆਂ ਜਾਂ ਹੋਰ ਨਜ਼ਦੀਕੀ ਸੰਬੰਧੀਆਂ ਵੱਲੋਂ ਪੈਸੇ ਰੱਖਕੇ ਜਾਂ ਐਵੇਂ ਹੀ, ਮੱਥਾ ਨਾ ਟੇਕਣਾ। 
ਕਿਸੇ ਘਰ ਦੇ ਪ੍ਰਾਣੀ ਦੇ ਮਰਨ ਤੋਂ ਬਾਅਦ ਉਸਦੀਆਂ ਅੱਖਾਂ, ਕਿਡਨੀ ਜਾਂ ਹੋਰ ਅੰਗ ਅਤੇ ਸਾਰਾ ਸਰੀਰ ਵੀ ਜਰੂਰਤਮੰਦਾਂ ਲਈ ਦੇ ਦੇਣਾ। 
ਮਿਰਤਕ ਪ੍ਰਾਣੀ ਨੂੰ ਅਗਨੀ ਦੇਣ ਲੱਗਿਆਂ ਦੇਸੀ ਘਿਉ ਦੀ ਜਗ੍ਹਾ ਮਿੱਟੀ ਦਾ ਤੇਲ ਇਸਤੇਮਾਲ ਕਰਨਾ ਮਉਲੀ-ਮੋਤੀ, ਸ਼ਹਿਦ, ਗੰਗਾ-ਜਲ, ਚੰਦਨ ਦੀ ਲੱਕੜ ਆਦਿ ਬਿਲਕੁਲ ਨਾ ਵਰਤਣਾ। 
ਅਰਥੀ ਨੂੰ ਸ਼ਮਸਾਨ ਭੂਮੀ ਤੇ ਲਿਜਾਣ ਲੱਗਿਆਂ, ਸਮਸ਼ਾਨ ਭੂਮੀ ’ਤੇ ਲਾਂਬੂ ਲਾਉਣ ਤੋਂ ਪਹਿਲਾਂ, ਅੰਗੀਠਾ ਸੰਭਾਲਣ ਵਕਤ ਤੇ ਭੋਗ ਵਕਤ, ਗ੍ਰੰਥੀ ਸਿੰਘ ਦੀ ਬਜਾਇ ਪਰਵਾਰ ਦੇ ਕਿਸੇ ਮੈਂਬਰ ਦੁਆਰਾ ਅਰਦਾਸ ਕਰਨਾ। . 
ਲਾਂਬੂ ਲਗਾਉਣ ਲੱਗਿਆਂ ਪ੍ਰਕਰਮਾ ਨਾ ਕਰਨਾ ਤੇ ਧੀ- ਜੁਆਈ ਵੱਲੋਂ ਚਿਤਾ ਨੂੰ ਅੱਗ ਲਾਉਣਾ। 
ਚੌਥੇ ਵਾਲੇ ਦਿਨ ਕਿਸੇ ਦਿਨ-ਤਿਉਹਾਰ ਦਾ ਵਿਚਾਰ ਨਾ ਕਰਨਾ ਤੇ ਘਰੋਂ ਲਾਲ ਜਾਂ ਚਿੱਟੀ ਥੈਲੀ ਲਿਜਾਣ ਦੀ ਬਜਾਇ ਖਾਲੀ ਬੋਰੀ ਦਾ ਇਸਤੇਮਾਲ ਕਰਨਾ ਤੇ ਨਾ ਹੀ ਦੁਧ, ਫਰੂਟ, ਕੱਚੀਆਂ- ਪੱਕੀਆਂ ਰੋਟੀਆਂ ਤੇ ਕੱਚੀ ਦਾਲ , ਮਿਠਾਈ ਰੱਖਣਾ ਤੇ ਦੀਵੇ, ਅਗਰਬਤੀ ਤੇ ਧੂਪਬਤੀ ਨਾ ਜਲਾਉਣਾ।
ਅੰਗੀਠੇ ਨੂੰ ਹਰਿਦੁਆਰ ਜਾਂ ਕੀਰਤਪੁਰ ਲਿਜਾਣ ਦੀ ਜਗ੍ਹਾ ਜਿਹੜਾ ਚਲਦਾ ਸਾਫ ਪਾਣੀ ਨੇੜੇ ਹੋਵੇ ਵਿਚ ਜਲ ਪ੍ਰਵਾਹ ਕਰ ਦੇਣਾ । 
ਪਰਵਾਰ ਵੱਲੋਂ ਜੀਵ- ਆਤਮਾ ਦੇ ਭਲੇ ਦੀ ਜਗ੍ਹਾ ਆਪਣੇ ਭਲੇ ਲਈ ਸਹਿਜ ਪਾਠ ਰੱਖਣਾ। 
ਭੋਗ ਵਾਲੇ ਦਿਨ ਕੀਰਤਨ ਦੇ ਨਾਲ ਗੁਰ-ਸ਼ਬਦ ਤੇ ਗੁਰ- ਸਿਧਾਂਤ ਅਨੁਸਾਰ ਕਿਰਿਆ - ਕਰਮ ਕਰਨ ਦੀਆਂ ਵਿਚਾਰਾਂ ਕਰਨੀਆਂ । 
ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਸਾਂ- ਕਢਾਈਆਂ - ਕਿਨਾਰੀਆਂ ਵਾਲੇ ਜਨਾਨਾ ਰੁਮਾਲਿਆਂ ਦੀ ਜਗ੍ਹਾ ਬਿਲਕੁਲ ਸਾਦੇ ਰੁਮਾਲੇ ਭੇਟ ਕਰਨਾ 
ਭੋਗ ਵਾਲੇ ਦਿਨ ਬਿਸਤਰੇ , ਭਾਂਡੇ ਤੇ ਰਾਸ਼ਨ ਆਦਿ ਨਾ ਦੇਣਾ । 
ਮਿਰਤਕ ਪ੍ਰਾਣੀ ਦੀ ਫੋਟੋ ਗੁਰਦੁਆਰੇ ਦੇ ਅੰਦਰ ਹਾਲ ਵਿਚ ਰੱਖਣ ਦੀ ਜਗ੍ਹਾ ਬਾਹਰ ਰੱਖਣਾ।
ਮਿਰਤਕ ਪ੍ਰਾਣੀ ਨੂੰ ਸ਼ਰਧਾਂਜਲੀ ਦੇਣ ਦੀ ਬਜਾਇ ਸਮਾਜ ਨੂੰ ਉਪਰ ਲਿਖਤ ਕਾਰਜ ਕਰਨ ਦੀ ਪ੍ਰੇਰਣਾ ਦੇਣੀ ।
ਸੰਗਤਾਂ ਨੂੰ ਬਿਲਕੁਲ ਸਾਦਾ ਭੋਜਨ, ਹਲਵਾਈ ਦੀ ਬਜਾਇ, ਰਹਿਤਵਾਨ ਸਿੰਘਾਂ ਦਾ ਤਿਆਰ ਕੀਤਾ ਹੋਇਆ ਲੰਗਰ, ਪੰਗਤਾਂ ਲਗਾ ਕੇ, ਆਪ ਵਰਤਾਉਣਾ | 
ਧੀਆਂ ਦੁਆਰਾ ਮਾਤਾ-ਪਿਤਾ ਦੀ ਅਰਥੀ ਨੂੰ ਸ਼ਮਸਾਨ ਭੂਮੀ, ਆਪਣਿਆਂ ਮੋਢਿਆਂ ਤੇ ਲੈ ਕੇ ਜਾਣਾ।
ਪਰਵਾਰ ਵੱਲੋਂ “ਦੇਹੁ ਸਜਣ ਅਸੀਸੜੀਆਂ`” ਜਾਂ “ਅਬ ਕੀ ਬਾਰ ਬਖਸ ਬੰਦੇ ਕਉਂ” ਦੇ ਸ਼ਬਦਾਂ ਦੀ ਜਗਾ ‘‘ਲਖ ਖੁਸੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇਇ” ਦਾ ਗਾਇਨ ਕਰਵਾਉਣਾ ।
ਕਿਸੇ ਜੀਵਤ ਪ੍ਰਾਣੀ ਦਾ, ਆਪਣੇ ਜੀਵਨ ਕਾਲ ਵਿਚ ਆਪ ਹੀ, ਆਪਣੇ ਮਰਨ ਸੰਬੰਧੀ ਵਸੀਅਤ ਕਰਨਾ।

ਭਾਵੇਂ ਤੁਸੀਂ ਅਜੇ ਤਕ ਕਦੇ ਵੇਖਿਆ ਜਾਂ ਸੁਣਿਆਂ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਵੀ ਸਾਡੇ ਸਮਾਜ ਵਿਚ ਹੁੰਦਾ ਹੈ। ਹਾਲਾਂਕਿ ਇਸ ਤਰ੍ਹਾਂ ਕਰਨ ਵਾਲਿਆਂ ਬੰਦਿਆਂ ਦੀ ਗਿਣਤੀ ਆਟੇ ਚ ਲੂਣ ਬਰਾਬਰ ਵੀ ਨਹੀਂ। ਸਾਨੂੰ ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਬਹੁਗਿਣਤੀ ਦੀ ਨਕਲ ਨਾ ਕਰਕੇ ਵਿਰਲਿਆਂ ਦੀ ਰੀਸ ਕਰਨ ਦੀ ਪ੍ਰੇਰਨਾ ਦਿੰਦੇ ਹਨ। ਆਓ, ਅੱਜ ਹੀ ਅਸੀਂ ਆਪਣੇ ਮਨ ਵਿਚ ਪੱਕਾ ਕਰਕੇ ਇਹ ਧਾਰੀਏ ਕਿ ਅਸੀਂ ਵੀ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਧਾਰਨ ਕਰਕੇ ਦੂਜਿਆਂ ਨੂੰ ਧਾਰਨ ਕਰਨ ਦੀ, ਨਾ ਕਰਦੇ ਰਹਾਂਗੇ ।