Loader Image
ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ

“ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥”

ਇਹ ਉਪਰਲਾ ਗੁਰਬਾਣੀ ਦਾ ਸ਼ਬਦ ਸਾਨੂੰ ਜਿਆਦਾਤਰ ਕਿਸੇ ਜੀਵ ਦੇ ਚਲਾਣਾ ਕਰਨ ਤੇ ਸੁਨਣ ਨੂੰ ਮਿਲਦਾ ਹੈ ਜੋ ਕੀ ਰਾਗੀ ਸਿੰਘ ਉਚੇਚੇ ਤੌਰ ਤੇ ਗਾਉਂਦੇ ਹਨ।

ਗੁਰਬਾਣੀ ਦੇ ਮੁਤਾਬਿਕ ਸੰਸਾਰ ਵਿਚ ਜੋ ਵੀ ਆਇਆ ਹੈ, ਉਸਨੇ ਇਥੋਂ ਜਾਣਾ ਹੀ ਜਾਣਾ ਹੈ ਭਾਵੇਂ ਉਹ ਬੁਢਾ ਹੈ ਯਾ ਜਵਾਨ, ਇਸਤ੍ਰੀ ਹੈ ਯਾ ਪੁਰਸ਼, ਚੰਗਾ ਹੈ ਯਾ ਮੰਦਾ, ਗੁਰਮੁੱਖ ਹੈ ਯਾ ਮਨਮੁੱਖ, ਵਪਾਰੀ ਹੈ ਭਾਂਵੇ ਨੌਕਰੀ-ਪੇਸ਼ਾ, ਅਮੀਰ ਹੈ ਭਾਵੇਂ ਗਰੀਬ, ਬਿਮਾਰ ਹੈ ਭਾਵੇਂ ਤੰਦਰੁਸਤ।

ਅਸੀਂ ਸਾਰੇ ਹੀ ਰੱਬ ਦੇ ਬਣਾਏ ਹੋਇ ਜੀਅ ਹਾਂ ਤੇ ਰੱਬ ਨੇ ਹਰੇਕ ਨੂੰ ਵਖਰੀ-ਵਖਰੀ ਸ਼ਕਲ, ਅਕਲ ਤੇ ਵਖਰਾ-ਵਖਰਾ ਸੁਭਾਅ ਦਿਤਾ ਹੈ। ਇਸੇ ਤਰ੍ਹਾਂ ਹੋਰ ਜੀਵ- ਜੰਤੂਆਂ ਅਤੇ ਪਸ਼ੂ-ਪੰਛੀਆਂ ਵਿਚ ਵੀ ਹੈ।

ਇਸ ਸ਼ਬਦ ਵਿਚ ਬਾਬਾ ਫਰੀਦ ਜੀ ਬਗਲੇ ਦਾ ਜਿਕਰ ਕਰ ਰਹੇ ਹਨ। ਬਗਲਾ ਤੇ ਹੰਸ ਦਿਖਣ ਨੂੰ ਭਾਵੇਂ ਇਕੋ ਜਿਹੇ ਸ਼ਕਲ-ਸੂਰਤ ਦੇ ਹੁੰਦੇ ਹਨ ਪਰ ਸੁਭਾਵ ਦੋਨੋ ਦੇ ਵਖ-ਵਖ ਹਨ। ਗੁਰਬਾਣੀ ਵਿਚ ਦੋਹਾਂ ਦੀਆਂ ਮਿਸਾਲਾਂ ਮਿਲਦੀਆਂ ਹਨ। ਜਿਥੇ ਗੁਰਬਾਣੀ ਵਿਚ ਚੰਗੇ ਬੰਦਿਆਂ ਵਾਸਤੇ ਹੰਸ ਸ਼ਬਦ ਪੜਨ-ਸੁਨਣ ਨੂੰ ਮਿਲਦਾ ਹੈ ਉਥੇ ਮਾੜਿਆਂ (ਭੈੜੇ) ਬੰਦਿਆਂ ਲਈ ਬਗਲਾ ਸ਼ਬਦ ਵਰਤਿਆ ਗਿਆ ਹੈ।

ਵੈਸੇ ਤਾਂ ਕਿਸੇ ਸੰਸਾਰੀ ਨੌਜਵਾਨ, ਜੋ ਗੁਰੂ ਦਾ ਆਖਾ ਨ ਮੰਨ ਕੇ ਆਪਣੀ ਮਨ-ਮਰਜੀ ਮੁਤਾਬਿਕ ਚਲਦਾ ਰਿਹਾ, ਦੇ ਭੋਗ ਤੇ ਇਹ ਸ਼ਬਦ ਗਾਵਿਆ ਢੁਕਦਾ ਹੈ, ਪਰ ਜਦੋਂ ਕਿਸੇ ਗੁਰਮੁੱਖ ਨੋਜਵਾਨ ਦੇ ਭੋਗ ਤੇ ਵੀ ਇਹ ਸ਼ਬਦ ਸੁਨਣ ਨੂੰ ਮਿਲਦਾ ਹੈ ਤਾਂ ਕੁਝ ਜਾਗਰੂਕ ਸਰੋਤਿਆਂ ਨੂੰ ਦੁਖ ਹੁੰਦਾ ਹੈ ਤੇ ਭੋਗ ਤੋਂ ਬਾਅਦ ਆਪਸੀ ਮੇਲ-ਮਿਲਾਪ ਵਿਚ ਜਦੋਂ ਇਸ ਸ਼ਬਦ ਦੀ ਵਿਚਾਰ ਕਰਦੇ ਹਨ ਤਾਂ ਕੁਝ ਚੰਗਾ ਮਹਿਸੂਸ ਨਹੀਂ ਕਰਦੇ।

ਸੋ, ਅਸੀਂ ਰਾਗੀ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਗਾਉਣ ਤੋਂ ਪਹਿਲਾਂ ਹਰੇਕ ਸ਼ਬਦ ਨੂੰ ਮੌਕੇ ਅਨੁਸਾਰ ਜਰੂਰ ਵਿਚਾਰ ਕਰ ਲਿਆ ਕਰਨ। ਸ਼ਬਦ ਨੂੰ ਬਿਨਾਂ ਵਿਚਾਰੇ ਗਾਉਣ ਨਾਲ ਕੀ ਅਸੀਂ ਅਣਜਾਣੇ ਵਿਚ ਗੁਰਮੁਖ ਰੂਹ ਨੂੰ ਵੀ ਬਗਲੇ ਵਾਂਗ ਮਨਮੁਖ ਕਰਕੇ ਪੇਸ਼ ਤਾਂ ਨਹੀਂ ਕਰ ਰਹੇ ਹੁੰਦੇ?