Loader Image
ਦੇਹੁ ਸਜਣ ਅਸੀਸੜੀਆ

ਦੇਹੁ ਸਜਣ ਅਸੀਸੜੀਆ

“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ’’ ਵਾਲੀ ਪੰਗਤੀ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਦੇ ਮੂੰਹ ‘ਤੇ ਕਾਫੀ ਚੜ੍ਹ ਚੁੱਕੀ ਹੈ ਕਿਉਂਕਿ ਇਸ ਤੁਕ ਨੂੰ ਸਥਾਈ ਬਣਾ ਕੇ ਰਾਗੀ ਸਿੰਘ, ਕਿਸੇ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਅਕਸਰ ਗਾਂਦੇ ਸੁਣੇ ਜਾਂਦੇ ਹਨ, ਜਿਸਦਾ ਇਹ ਭਾਵ ਦਿੱਤਾ ਜਾਂਦਾ ਹੈ ਕਿ ਜੋ ਪ੍ਰਾਣੀ ਸੰਸਾਰ ਛੱਡ ਕੇ ਚਲਾ ਗਿਆ ਉਸਨੂੰ ਅਸੀਸਾਂ ਦਿਓ ਤਾਂਕਿ ਉਸਦਾ ਪਰਮਾਤਮਾ ਨਾਲ ਮੇਲ ਹੋ ਜਾਵੇ। ਆਓ ਹੁਣ ਇਸ ਪੰਗਤੀ ਦੀ ਗੁਰਮਤਿ ਦੇ ਚਾਨਣੇ ਅਤੇ ਵਿਆਕਰਣ ਦੇ ਨਜ਼ਰੀਏ ਨਾਲ ਵਿਚਾਰ ਕਰੀਏ। ਜਦੋਂ ਕੋਈ ਵੀ ਸੱਜਣ ਕਿਸੇ ਵੀ ਸ਼ਬਦ ਦੀ ਵਿਚਾਰ ਕਰੇਗਾ ਤਾਂ ਸਭ ਤੋਂ ਪਹਿਲਾਂ ਉਸ ਦੇ ਮਨ ਵਿਚ ਕੁਝ ਹੇਠ ਲਿਖੇ ਸਵਾਲਾਂ (ਪ੍ਰਸ਼ਨਾਂ ਦੀ ਤਰ੍ਹਾਂ ਕੁਝ ਸਵਾਲ ਉਠਣੇ ਸੁਭਾਵਕ ਹੀ ਹਨ:

1. ਇਸ ਪੰਗਤੀ ਨੂੰ ਉਚਾਰਨ ਕਰਨ ਵਾਲਾ ਕੌਣ ਹੈ? 

2. ਉਹ ਕਿਸ ਤੋਂ ਮੰਗ ਕਰ ਰਿਹਾ ਹੈ ? 

3. ਉਹ ਅਸੀਸ ਮੰਗ ਰਿਹਾ ਹੈ ਜਾਂ ਅਸੀਸਾਂ ? 

4. ਉਹ ਅਸੀਸਾਂ ਆਪਣੇ ਵਾਸਤੇ ਮੰਗ ਰਿਹਾ ਹੈ ਜਾਂ ਕਿਸੇ ਹੋਰ ਵਾਸਤੇ?

ਸਭ ਤੋਂ ਪਹਿਲਾਂ ਜਦੋਂ ਅਸੀਂ ਇਨ੍ਹਾਂ ਉਪਰਲੇ ਸਵਾਲਾਂ ਦੇ ਜਵਾਬ ਵਿਆਕਰਨ ਦੇ ਨਜ਼ਰੀਏ ਨਾਲ ਲੱਭਾਂਗੇ ਤਾਂ ਸਾਡੇ ਸਾਹਮਣੇ ਹੇਠ ਲਿਖ ਜਵਾਬ ਹੋਣਗੇ:

1. ਇਸ ਪੰਗਤੀ ਨੂੰ ਉਚਾਰਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਹਨ। 

2. ਗੁਰੂ ਜੀ ਆਪਣੇ ਸੱਜਣਾਂ ਤੋਂ ਇਹ ਮੰਗ ਕਰ ਰਹੇ ਹਨ। 

3. ਓਹ ਅਸੀਸਾਂ ਮੰਗ ਰਹੇ ਹਨ। 

4. ਉਹ ਆਪਣੇ ਵਾਸਤੇ ਅਸੀਸਾਂ ਦੀ ਮੰਗ ਕਰ ਰਹੇ ਹਨ ਕਿਸੇ ਹੋਰ ਵਾਸਤੇ ਨਹੀਂ।

ਜਦੋਂ ਅਸੀਂ ਚੌਥੇ ਉੱਤਰ ਦੀ ਘੋਖ (ਪੜਚੋਲ) ਕਰਾਂਗੇ ਤਾਂ ਸਾਡੇ ਸਾਹਮਣੇ ਇਕ ਚੀਜ਼ ਇਹ ਨਿੱਤਰਕੇ ਆਵੇਗੀ ਕਿ ਇਹ ਪੰਗਤੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੀ ਮੰਗ ਆਪਣੇ ਵਾਸਤੇ ਨਾ ਹੋ ਕੇ ਕਿਸੇ ਦੂਜੇ ਵਾਸਤੇ ਹੁੰਦੀ ਹੈ ਜੋ ਕਿ ਵਿਆਕਰਨ ਦੇ ਨਿਯਮ ਨਾਲ ਗੁਰ-ਸਿਧਾਂਤ ਦੀ ਵੀ ਉਲੰਘਣਾ ਹੈ। ਹਾਂ, ਜੇ ਅਸੀਂ ਇਸ ਪੰਗਤੀ ਨੂੰ ਪੜ੍ਹਨ ਲੱਗਿਆਂ ਆਪਣੇ ਵਾਸਤੇ ਮੰਗ ਕਰ ਰਹੇ ਹੋਈਏ ਤਾਂ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ। ਪਰ ਉਸ ਤੋਂ ਪਹਿਲੇ ਕੁਝ ਹੋਰ ਗੱਲਾਂ ਦਾ ਧਿਆਨ ਵੀ ਰੱਖਣਾ ਹੋਵੇਗਾ। ਜਿਵੇਂ ਕਿ: 

1. ਕੀ ਅਸੀਂ ਰੱਬ ਦੀ ਹਸਤੀ ਨੂੰ ਮਨ ਕਰਕੇ ਮੰਨ ਲਿਆ ਹੈ ਜਾਂ ਸਿਰਫ ਸੁਣੀਆਂ-ਸੁਣਾਈਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਉਸਦੇ ਨਾਲ ਮੇਲ ਲਈ ਕਹਿ ਰਹੇ ਹਾਂ ? 

2. ਕੀ ਸਾਨੂੰ ਰੱਬ ਦੇ ਬੇਅੰਤ ਗੁਣਾਂ ਦਾ ਹਿਰਦੇ ਤੋਂ ਪਤਾ ਲਗ ਪਿਆ ਹੈ ?

3. ਕੀ ਅਸੀਂ ਆਪਣੇ ਆਪ ਨੂੰ ਰੱਬ ਤੋਂ ਵਾਕਈ ਵਿਛੁੜਿਆ ਮਹਿਸੂਸ ਕਰ ਰਹੇ ਹਾਂ ਅਤੇ ਆਪਣੇ ਤੜਫਦੇ ਹਿਰਦੇ ਨਾਲ ਇਹ ਮੰਗ ਆਪਣੇ ਸੱਜਣਾਂ ਤੋਂ ਕਰ ਰਹੇ ਹਾਂ ?

4. ਕੀ ਸਾਨੂੰ ਸੱਜਣਾਂ (ਸਚਮੱਚ ਧਰਮੀ ਪੁਰਖਾਂ) ਦੀ ਪਛਾਣ ਹੋ ਗਈ ਹੈ?

5. ਗੁਰੂ ਸਾਹਿਬ ਕਿਹੋ ਜਿਹੇ ਸੱਜਣਾਂ ਤੋਂ ਇਹ ਮੰਗ ਕਰ ਰਹੇ ਹਨ? ਜਿਨ੍ਹਾਂ ਨੂੰ ਉਹ ਆਪ ਖੁਦ ਆਪਣੀ ਬਾਣੀ ਵਿਚ ਮਨਮੁਖ, ਸਾਕਤ, ਕਮੀਨੇ, ਦੁਰਾਚਾਰੀ, ਚੋਰ, ਬਾਵਰੇ, ਮੂਰਖ, ਡੁਬ ਰਹੇ, ਅਗਿਆਨੀ, ਹਿ੍ਦੈ ਕਪਟੁ ਮੁਖ ਗਿਆਨੀ, ਪਾਖੰਡੀ, ਬਨਾਰਸ ਕੇ ਠੱਗ, ਕਪਟੀ ਕੀਰਤਨੀਆ ਆਦਿ ਕਹਿ ਰਹੇ ਹਨ ਜਾਂ ਉਨ੍ਹਾਂ ਸੱਜਣਾਂ ਤੋਂ ਜਿਨ੍ਹਾਂ ਨੂੰ ਗੁਰਮੁਖ, ਸਿਆਣੇ, ਸਾਧ, ਸਿੱਖ, ਬ੍ਰਹਮ ਗਿਆਨੀ, ਭਉਜਲ ਤਰ ਗਏ, “ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ”, “ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵੀਸਰਿਆ”, “ਰੰਗਿ ਹਸਹਿ ਰੰਗਿ ਰੋਵਹਿ”, “ਸੇ ਭਗਤਿ ਸੇ ਭਗਤਿ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ” ਆਦਿ ਕਹਿ ਰਹੇ ਹਨ।

ਜੇ ਅਸੀਂ ਸਭ ਤੋਂ ਪਹਿਲੀ ਗੱਲ ਮੁਤਾਬਕ ਰੱਬ ਦੀ ਹਸਤੀ ਨੂੰ ਅਜੇ ਤਕ ਮੰਨਿਆ ਹੀ ਨਹੀਂ ਤਾਂ ਬਾਕੀ ਦੀਆਂ ਵਿਚਾਰਾਂ ਦਾ ਤੇ ਸਾਡੀ ਮੰਗ ਦਾ ਕੀ ਅਰਥ ਰਹਿ ਜਾਂਦਾ ਹੈ। ਭਾਵ ਕੁਝ ਨਹੀਂ।

ਸੋ ਸਭ ਤੋਂ ਪਹਿਲੇ, ਜਦੋਂ ਕਿਸੇ ਭਟਕੇ ਹੋਏ ਮਨੁੱਖ ਨੂੰ ਕਿਸੇ ਗੁਰਮੁਖ ਜਨ ਦਾ ਮਿਲਾਪ ਹੁੰਦਾ ਹੈ ਤਾਂ ਉਸਨੂੰ ਰੱਬ ਦੀ ਹਸਤੀ ਦਾ ਅਹਿਸਾਸ ਹੁੰਦਾ ਹੈ। ਫਿਰ ਓਹ ਮਹਸੂਸ ਕਰਦਾ ਹੈ ਕਿ ਓਹ ਰੱਬ ਨਾਲੋ ਵਿਛੁੜਿਆ ਹੋਇਆ ਹੈ। ਤਾਂ ਫਿਰ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। 

“ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥”

(ਸੂਹੀ ਮ: 4, ਅੰਗ 757) 

“ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥” 

(ਜੈਤਸਰੀ ਮ: 5, ਅੰਗ 701 )

ਜਦੋਂ ਹਿਰਦੇ ਤੋਂ ਨਿਕਲੀਆਂ ਇਹ ਕੂਕਾਂ ਰੱਬ ਦੀ ਦਰਗਾਹ ਚ ਸੁਣੀਆਂ ਜਾਣਗੀਆਂ ਤਾਂ ਉਸਦਾ ਆਪਣੇ ਜੀਵਨ-ਕਾਲ `ਚ ਹੀ ਪ੍ਰਭੂ ਨਾਲ ਮੇਲ ਹੋ ਜਾਵੇਗਾ। ਫਿਰ ਉਹ ਵੀ ਗੁਰੂ ਅਰਜਨ ਦੇਵ ਜੀ ਵਾਂਗ ਆਪਣੇ ਹਿਰਦੇ ਤੋਂ ਕਹਿ ਉਠੇਗਾ?

ਭਾਗ ਹੋਆ ਗੁਰ ਸੰਤ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

(ਮਾਝ ਮ: 5, ਅੰਗ, 96) 

ਜਦੋਂ ਤਕ ਇਸ ਤਰ੍ਹਾਂ ਦੀ ਸਾਡੀ ਅਧਿਆਤਮਿਕ ਅਵਸਥਾ ਨਹੀਂ ਬਣ ਜਾਂਦੀ ਤਦ ਤਕ ਗੁਰਬਾਣੀ ਦੀਆਂ ਇਹ ਪੰਗਤੀਆਂ ਹੀ ਸਾਡੇ `ਤੇ ਲਾਗੂ ਰਹਿਣਗੀਆਂ

“ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾ ॥”

(ਭੈਰਉ, ਭਗਤ ਕਬੀਰ ਜੀ, ਅੰਗ 1158)