ਪਾਤਸ਼ਾਹੀ | ਨਾਮ | ਪ੍ਰਕਾਸ਼ – ਜੋਤੀ ਜੋਤ | ਦੁਨਿਆਵੀ ਉਮਰ |
ਪਹਿਲੀ | ਸ੍ਰੀ ਗੁਰੂ ਨਾਨਕ ਦੇਵ ਜੀ | 1469 – 1539 | 70 ਸਾਲ |
ਦੂਜੀ | ਸ੍ਰੀ ਗੁਰੂ ਅੰਗਦ ਦੇਵ ਜੀ | 1504 – 1552 | 48 ਸਾਲ |
ਤੀਜੀ | ਸ੍ਰੀ ਗੁਰੂ ਅਮਰਦਾਸ ਜੀ | 1479 – 1574 | 95 ਸਾਲ |
ਚੌਥੀ | ਸ੍ਰੀ ਗੁਰੂ ਰਾਮਦਾਸ ਜੀ | 1534 – 1581 | 47 ਸਾਲ |
ਪੰਜਵੀਂ | ਸ੍ਰੀ ਗੁਰੂ ਅਰਜਨ ਦੇਵ ਜੀ | 1563 – 1606 | 43 ਸਾਲ |
ਛੇਵੀਂ | ਸ੍ਰੀ ਗੁਰੂ ਹਰਿ ਗੋਬਿੰਦ ਜੀ | 1595 – 1644 | 49 ਸਾਲ |
ਸਤਵੀਂ | ਸ੍ਰੀ ਗੁਰੂ ਹਰਿ ਰਾਇ ਜੀ | 1630 – 1661 | 31 ਸਾਲ |
ਅਠਵੀਂ | ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ | 1656 – 1664 | 08 ਸਾਲ |
ਨੌਵੀਂ | ਸ੍ਰੀ ਗੁਰੂ ਤੇਗ ਬਹਾਦਰ ਜੀ | 1621 – 1675 | 54 ਸਾਲ |
ਦਸਵੀਂ | ਸ੍ਰੀ ਗੁਰੂ ਗੋਬਿੰਦ ਸਿੰਘ ਜੀ | 1666 – 1708 | 42 ਸਾਲ |
ਉਪਰ ਲਿਖਤ ਵਿਵਰਣ ਨੂੰ ਬੜੇ ਹੀ ਧਿਆਨ ਨਾਲ ਪੜ੍ਹਿਆਂ ਕੁਝ ਇਹ ਨਤੀਜੇ ਨਿਕਲਦੇ ਹਨ ਕਿ ਜਿਵੇਂ ਦਸਾਂ ਗੁਰੂਆਂ ਵਿਚੋਂ ਸਭ ਤੋਂ ਜਿਆਦਾ ਉਮਰ ਗੁਰੂ ਅਮਰ ਦਾਸ ਜੀ ਦੀ ( 95 ਸਾਲ) ਤੇ ਉਨ੍ਹਾਂ ਤੋਂ ਘਟ (70 ਸਾਲ) ਨਾਨਕ ਦੇਵ ਜੀ ਦੀ ਤੇ ਸਭ ਤੋਂ ਘਟ ਅਠਵੇਂ ਗੁਰੂ ਜੀ ਦੀ (8 ਸਾਲ) ਤੇ ਇਨ੍ਹਾਂ ਦੇ ਪਿਤਾ ਜੀ ਦੀ (31 ਸਾਲ) । ਬਾਕੀ ਛੇ ਗੁਰੂ ਸਾਹਿਬਾਨ ਦੀ ਸੰਸਾਰਿਕ ਉਮਰ 60 ਸਾਲ ਤੋਂ ਘਟ ਹੀ ਸੀ।
ਇਸ ਨਤੀਜੇ ਨੂੰ ਵਿਚਾਰਨ ਤੇ ਇਹ ਪਤਾ ਲਗਦਾ ਹੈ ਕਿ ਗੁਰੂ ਜੀ ਨੇ ਹੇਠ ਲਿਖੀ ਪੰਗਤੀ ਜੋ ਲਿਖੀ ਉਹ ਬਿਲਕੁਲ ਠੀਕ ਹੈ, ਯਥਾ ਗੁਰੁ ਵਾਕ “ਮਰਣ ਲਿਖਾਇ ਮੰਡਲ ਮੈ ਆਇ” ਦੇ ਮੁਤਾਬਕ ਹਰੇਕ ਜੀਵ ਜੋ ਇਸ ਨਾਸਵੰਤ ਸੰਸਾਰ ਵਿਚ ਆਇਆ ਹੈ ਉਸਦਾ ਸੰਸਾਰ ਤੇ ਆਉਣ ਤੋਂ ਪਹਿਲਾਂ ਮੌਤ ਦਾ ਸਮਾਂ ਲਿਖਿਆ ਗਿਆ ਕਿ ਬੰਦੇ ਨੇ ਕਦੋਂ ਮਰਨਾ ਹੈ। ਇਹ ਗਲ ਵਖਰੀ ਹੈ ਕਿ ਉਸਨੇ ਕਿਵੇਂ ਮਰਨਾ ਹੈ – ਕਿਸੇ ਨੇ ਕਿਸੀ ਦੁਰਘਟਨਾ ਨਾਲ, ਕਿਸੇ ਨੇ ਖੁਦ ਫਾਂਸੀ ਲਾ ਲਈ, ਕਿਸੇ ਨੂੰ ਫਾਂਸੀ ਲਾ ਦਿਤੀ, ਕਿਸੇ ਨੇ ਜੰਗ ਦੇ ਮੈਦਾਨ ਵਿਚ, ਕਿਸੇ ਨੇ ਕੁਝ ਜਹਿਰੀਲੀ ਚੀਜ਼ ਖਾ ਲਈ ਜਾਂ ਕਿਸੇ ਨੂੰ ਖਵਾ ਦਿਤੀ, ਕਿਸੇ ਨੂੰ ਆਪਣੀ ਓਲਾਦ ਨੇ ਮਾਰ ਦਿਤਾ ਜਾਂ ਕਿਸੇ ਨੇ ਆਪਣੀ ਓਲਾਦ ਨੂੰ ਜਾਨੋ ਖਤਮ ਕਰ ਦਿਤਾ ਤੇ ਕੋਈ ਬਿਨਾਂ ਕਿਸੇ ਕਾਰਨ ਭੀ ਚਲਦਾ ਫਿਰਦਾ ਲੇਟਿਆ ਹੋਇਆ ਵੀ ਮਰ ਜਾਂਦਾ ਹੈ।
ਜਿਥੇ ਅਠਵੇਂ ਗੁਰੂ ਜੀ ਦੀ ਸਭ ਤੋਂ ਘਟ ਉਮਰ ਹੋਈ ਉਥੇ ਤੀਜੇ ਗੁਰੂ ਜੀ ਦੀ (ਦਸ ਗੁਰੁ ਸਾਹਿਬਾਨ ਵਿਚੋਂ) ਸਭ ਤੋਂ ਵਧ ਉਮਰ ਹੋਈ। ਇਹ ਉਸ ਵਕਤ ਦੀਆਂ ਮੌਤਾਂ ਹਨ ਜਦੋਂ ਖਾਣ ਪੀਣ ਦੀਆਂ ਸਾਰੀਆਂ ਚੀਜਾਂ ਸ਼ੁਧ ਸਨ ਤੇ ਕੋਈ ਪਰਦੂਸ਼ਣ ਵਗੈਰਾ ਨਹੀਂ ਸੀ ਤੇ ਅਜ ਦੇ ਸਮੇਂ ਜਦੋਂ ਖਾਣ ਪੀਣ ਦੀ ਤਕਰੀਬਨ ਹਰ ਚੀਜ ਮਿਲਾਵਟੀ ਹੈ ਤੇ ਪਰਦੂਸ਼ਣ ਵੀ ਬਹੁਤ ਹੈ ਤਾਂ ਵੀ 100 ਸਾਲ ਤੇ ਇਸ ਤੋਂ ਜਿਆਦਾ ਉਮਰ ਦੇ ਬੰਦੇ ਅੱਜ ਵੀ ਜਿੰਦਾ ਦੇਖੇ ਜਾ ਸਕਦੇ ਹਨ।
ਸੋ ਅਖੀਰ ਤੇ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਅਸੀਂ ਅਜ ਦੇ ਪੜ੍ਹੇ-ਲਿਖੇ ਸਿਆਣੇ ਬੰਦੇ ਵੀ ਰੱਬ ਦੇ ਕਿਸੇ ਵੀ ਭੇਦ ਨੂੰ ਨਹੀਂ ਜਾਣ ਸਕਦੇ।
ਇਸ ਭੇਦ ਨੂੰ ਖੁਦ ਆਪ ਪਰਮਾਤਮਾ ਹੀ ਜਾਣਦਾ ਹੈ, ਯਥਾ ਗੁਰ ਵਾਕ “ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ ॥”