Loader Image
ਬੋਲ ਪਏ! ਅਸੀਂ ਵੀ ਬੋਲ ਪਵਾਂਗੇ।

ਬੋਲ ਪਏ! ਅਸੀਂ ਵੀ ਬੋਲ ਪਵਾਂਗੇ।

ਗੁਰਬਾਣੀ ਪੜ੍ਹਦਿਆਂ, ਸੁਣਦਿਆਂ ਅਥਵਾ ਕੀਰਤਨ ਸਰਵਣ ਕਰਦਿਆਂ ਅਕਸਰ, ਜਮ, ਜਮਕਾਲ, ਜਮ-ਮਾਰਗ, ਜਮ ਜੰਦਾਰ, ਜਮ-ਤ੍ਰਾਸ, ਜਮ ਬਪੁਰਾ, ਜਮਪੁਰਿ, ਜਮਦੂਤ, ਨਰਕ, ਸੁਰਗ, ਦੋਜਕ , ਬਹਿਸ਼ਤ, ਮੁਕਤ, ਮੁਕਤੀ ਆਦਿ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦਾਂ ਦੇ ਦਰਸ਼ਨ ਹੋ ਹੀ ਜਾਂਦੇ ਹਨ। ਜਦੋਂ ਹੀ ਜਮ ਜਾਂ ਨਰਕ ਆਦਿ ਸ਼ਬਦ ਸਾਡੇ ਕੰਨਾਂ ਵਿਚ ਪੈਂਦੇ ਹਨ ਓਦੋਂ ਸਾਡੇ ਅੰਤਹਕਰਨ ਵਿਚ ਡਰਾਉਣਾ ਜਿਹਾ ਨਜ਼ਾਰਾ ਦ੍ਰਿਸ਼ਟਮਾਨ ਹੁੰਦਾ ਹੈ। ਪਰ ਜਦੋਂ ਮੁਕਤ, ਮੁਕਤੀ, ਸਵਰਗ, ਸਚਖੰਡ ਆਦਿ ਸ਼ਬਦ ਸਾਡੇ ਤਾਂ ਵਿਚ ਪੈਂਦੇ ਹਨ ਤਾਂ ਓਦੋਂ ਸਾਡੇ ਅੰਦਰ ਇਕ ਸੁਖਦਾਇਕ ਝਲਕਾਰਾ ਵੱਜਦਾ ਹੈ।

ਜਮ, ਜਿਸ ਪ੍ਰਤੀ ਸਾਡੇ ਮਨ ਅੰਦਰ ਡਰ ਭਰਿਆ ਹੋਇਆ ਹੈ, ਬਾਰੇ ਗੁਰਬਾਣੀ ਦਸਦੀ ਹੈ ਕਿ ਇਹ ਜਮ ਜਿਥੇ ਮਨਮੁਖਾਂ ਨੂੰ ਕਈ ਪ੍ਰਕਾਰ ਦੀਆਂ ਸਜਾਵਾਂ ਦੇਂਦਾ ਹੈ ਓਥੇ ਗੁਰਮੁਖਾਂ ਨੂੰ ਬੜੇ ਹੀ ਸਤਿਕਾਰ ਸਹਿਤ ਮਿਲਕੇ ਭੇਟਾ (ਗਿਫਟ) ਅਰਪਨ ਕਰਕੇ ਇਹ ਕਹਿੰਦਾ ਹੈ ਕਿ ਤੁਸਾਂ ਮੇਰਾ ਗ੍ਰਹਿ ਪਵਿਤਰ ਕੀਤਾ ਹੈ।

ਜਿਹੜੇ-ਜਿਹੜੇ ਜਗਿਆਸੂ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਦੇ ਰਹਿੰਦੇ ਹਨ, ਉਨ੍ਹਾਂ ਦੇ ਜਮ ਪ੍ਰਤੀ ਆਪਣੇ ਵਿਚਾਰ ਉਨ੍ਹਾਂ ਦੇ ਜੀਵਨ-ਕਾਲ ‘ਚ ਹੀ ਬਦਲਦੇ ਜਾਂਦੇ ਹਨ ਤੇ ਓਹ ਗੁਰਮੁਖ ਜਨ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਗਤੀਆਂ (ਜਿਨ੍ਹਾਂ ਦੇ ਨਾਲ ਅਰਥ ਵੀ ਦਿਤੇ ਹੋਇ ਹਨ) ਆਪਣੇ ਅੰਤਹਕਰਨ ਤੋਂ ਆਪਣੇ ਲਈ ਬੋਲ ਪੈਂਦੇ ਹਨ ਕਿ ਉਨ੍ਹਾਂ ਨੇ ਗੁਰੂ ਦੇ ਦਸੇ ਹੋਏ ਸਚੇ ਮਾਰਗ ਤੇ ਚਲਦੇ ਕਿਹੜੀ-ਕਿਹੜੀ ਬਰਕਤ ਕਿ ਹਾਸਲ ਕੀਤੀ, ਜਿਸ ਤਰਾਂ ਅਸੀ ਸੰਸਾਰੀ ਬੰਦੇ ਕੋਈ ਵੀ ਸੰਸਾਰੀ ਚੀਜ਼ ਪ੍ਰਾਪਤ ਹੋਣ ਤੇ ਕੁਝ ਹੇਠਾਂ ਲਿਖੇ ਵਾਕ ਆਮ ਤੋਰ ਤੇ ਕਹਿ ਦੇਂਦੇ ਹਾਂ।

ਮੈਂ ਬੀ.ਏ ਪਾਸ ਕਰ ਲਈ।

ਮੈਂ ਲੱਖ ਰੁਪਏ ਜੋੜ ਲਏ ਹਨ।

ਮੈਂ ਆਪਣੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ।

ਮੈਂ ਜਿਨ੍ਹਾਂ ਕੋਲ ਨੋਕਰੀ ਕਰਦਾ ਸਾਂ ਹੁਣ ਉਹ ਮੇਰੇ ਥੱਲੇ ਕੰਮ ਕਰਦੇ ਹਨ।

ਮੈਂ ਹੁਣ ਅਰੋਗ ਹੋ ਗਿਆ ਹਾਂ।

ਮੈਂ ਗਲਤ ਰਸਤੇ ਤੋਂ ਸਿਧੇ ਰਸਤੇ ਪੈ ਗਿਆ ਹਾਂ।

ਮੇਰੀ ਭੁੱਖ ਮਿਟ ਗਈ ਹੈ।

ਮੈਂ ਕੇਨੇਡਾ ਘਰ ਬਣਾ ਲਿਆ ਹੈ।

ਬਿਲਕੁਲ ਕੁਝ ਇਸੀ ਤਰ੍ਹਾਂ ਕੋਈ ਵਿਰਲੇ ਅਧਿਆਤਮਿਕ ਜੀਵਨ ਜੀਣ ਵਾਲੇ ਪ੍ਰਭੂ ਪਿਆਰੇ ਵੀ ਕੁਝ ਹੇਠ ਲਿਖੀਆਂ ਗੁਰਬਾਣੀ ਦੀਆਂ ਪੰਗਤੀਆਂ ਭਾਵੇਂ ਉਚਾਰਦੇ ਹਨ, ਪਰ, ਅਸੀਂ ਸੁਨਣ ਵਾਲੇ ਉਸ ਅਵਸਥਾ ਦੇ ਮਾਲਕ ਨਹੀਂ ਹੁੰਦੇ ਇਸ ਲਈ ਉਹ ਗਲਾਂ ਸਾਡੀ ਸਮਝ ਵਿਚ ਨਹੀਂ ਆਉਂਦੀਆਂ।

ਜਦੋਂ ਅਸੀਂ ਪੰਜਵੀ-ਛੇਵੀਂ ਜਮਾਤ ਵਿਚ ਪਹੁੰਚੇ ਤਾਂ ਸਾਨੂੰ ਹਿੰਦੀ, ਪੰਜਾਬੀ ਦੀਆਂ ਕਿਤਾਬਾਂ ਦੇ ਨਾਲ ਵਿਆਕਰਣ ਦੀਆਂ ਕਿਤਾਬਾਂ ਵੀ ਨਾਲ ਹੀ ਲਗ ਗਈਆਂ। ਵਿਆਕਰਣ ਦੀਆਂ ਕਿਤਾਬਾਂ ਵਿਚ ਬੱਚੇ ਨੂੰ ਕੀ ਗਿਆਨ ਮਿਲਦਾ ਹੈ, ਇਹ ਗਲ ਪੜੇਲਿਖੇ ਭਲੀ ਭਾਂਤ ਜਾਣਦੇ ਹਨ। ਵਿਆਕਰਣ ਬੱਚੇ ਨੂੰ ਇਹ ਗਿਆਨ ਦੇਂਦੀ ਹੈ ਕਿ ਉਤਮ ਪੁਰਸ਼, ਮੱਧਮ ਪੁਰਸ਼ ਅਤੇ ਅੰਨ ਪੁਰਸ਼ ਜਿਨ੍ਹਾਂ ਨੂੰ ਅੰਗਰੇਜੀ ਵਿਚ First Person, Second Person ਅਤੇ Third Person ਕਿਹਾ ਜਾਂਦਾ ਹੈ। ਉਤਮ ਪੁਰਸ਼ ਵਿਚ- ਮੈਂ, ਮੇਰੀ, ਮੈਨੂੰ, ਅਸੀਂ, ਮੋਹਿ, ਹਮ, ਮੋਰ, ਆਦਿਕ ਸ਼ਬਦ ਆਂਦੇ ਹਨ।

ਹੇਠਾਂ ਦਿੱਤੇ ਵਾਕ ਚਾਹੇ ਓਹ ਗੁਰਬਾਣੀ ਦੇ ਹਨ ਭਾਵੇਂ ਸੰਸਾਰੀ, ਇਹ ਸਾਰੇ ਉਤਮ ਪੁਰਸ਼ ਵਿਚ ਆਂਦੇ ਹਨ। ਸੋ ਗੁਰਬਾਣੀ ਨੂੰ ਜਦੋਂ ਅਸੀਂ ਵਿਆਕਰਣ ਦੀ ਰੋਸ਼ਨੀ ਵਿਚ ਪੜਾਂਗੇ ਯਾ ਗਾਵਾਂਗੇ ਤਾਂ ਗੁਰਬਾਣੀ ਦੇ ਕੀਤੇ ਅਰਥ ਵੀ ਬਦਲ ਜਾਣਗੇ। ਜੋ ਗਿਆਨ ਵਿਆਕਰਣ ਸਾਨੂੰ ਦੇਂਦੀ ਹੈ ਓਹ ਸਾਰੇ ਸਾਨੂੰ ਗੁਰਬਾਣੀ ਦੇ ਵਿਚ ਵੀ ਮਿਲ ਜਾਣਗੇ, ਪਰ ਇਹ ਤਾਂ ਹੀ ਹੋਵੇਗਾ ਜੇਕਰ ਸਾਨੂੰ ਵਿਆਕਰਣ ਦਾ ਕੁਝ ਗਿਆਨ ਪਹਿਲੇ ਹੀ ਹੋਵੇਗਾ ਫਿਰ ਸਾਡੇ ਗੁਰਬਾਣੀ ਦੇ ਕੀਤੇ ਅਰਥ ਵੀ ਬਦਲ ਜਾਣਗੇ।

ਤੂੰ ਪਿੰਜਰੂ ਹਉ ਸੂਅਟਾ ਤੋਰ॥

ਜਮੁ ਮੰਜਾਰੁ ਕਹਾ ਕਰੈ ਮੋਰ॥

(ਹੇ ਮੇਰੇ ਮਾਲਕ) ਤੂੰ ((ਮੇਰਾ) ਪਿੰਜਰਾ ਹੈ (ਅਤੇ) ਮੈਂ ਤੇਰਾ ਤੋਤਾ ਹਾਂ। (ਇਸ ਲਈ ਮੈਨੂੰ ਨਿਸ਼ਚਾ ਹੈ ਕਿ) ਜਮ ਰੂਪੀ ਬਿੱਲਾ ਮੇਰਾ ਕੀ ਕਰ ਸਕਦਾ ਹੈ? (ਭਾਵ ਮੈਨੂੰ ਮਾਰ ਨਹੀਂ ਸਕਦਾ) ॥

ਹਰਿ ਮੇਰਾ ਸਾਥੀ ਸੰਗਿ ਸਖਾਈ॥

ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ॥ਰਹਾਉ॥

ਹਰੀ ਮੇਰਾ ਸਾਥੀ, ਮਿਤਰ ਹੈ ਅਤੇ ਹਰ ਵੇਲੇ ਮੇਰੇ ਨਾਲ ਹੈ। ਦੁੱਖ-ਸੁੱਖ ਵਿਚ (ਜਦੋਂ ਵੀ ਮੈਂ ਸਿਮਰਦਾ ਹਾਂ ਉਥੇ ਹੀ ਹਾਜਰ ਹੁੰਦਾ ਹੈ। (ਇਸ ਲਈ) ਜਮ ਵਿਚਾਰਾ ਮੈਨੂੰ ਕੀ ਡਰਾ ਸਕਦਾ ਹੈ? ਭਾਵ ਉਹ ਮੇਰਾ ਕੁਝ ਨਹੀਂ ਵਿਗਾੜ ਸਕਦਾ॥ਰਹਾਉ॥

ਰਵਿਦਾਸੁ ਜਪੈ ਰਾਮ ਨਾਮਾ॥

ਮੋਹਿ ਜਮ ਸਿਉ ਨਾਹੀ ਕਾਮਾ॥

(ਮੈਂ) ਰਵਿਦਾਸ ਪਰਮਾਤਮਾ ਦਾ ਨਾਮ ਜਪਦਾ ਹਾਂ। (ਇਸ ਲਈ) ਮੇਰਾ ਜਮ ਨਾਲ ਕੋਈ ਕੰਮ ਵਾਸਤਾ ਨਹੀਂ ਹੈ।

ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ॥

ਜਿਵੇਂ ਪਾਣੀ ਵਿਚ ਪਾਣੀ ਮਿਲ ਕੇ ਫਿਰ ਵਖਰਾ ਨਹੀਂ ਹੋ ਸਕਦਾ ਤਿਵੇਂ ਕਬੀਰ ਜੁਲਾਹਾ ਢਲ ਕੇ (ਭਾਵ ਨਾਮ ਵਿਚ ਦੂਵ ਕੇ ਪ੍ਰਭੂ ਨਾਲ) ਮਿਲ ਗਿਆ।

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥

ਹੁਣ ਤਾਂ ਅਸੀ ਉਚੇ ਸਿੰਘਾਸਣ (ਦਸਮ ਦੁਆਰ) ਜਾ ਚੜੇ ਹਾਂ (ਅਤੇ ਸਾਨੂੰ) ਪਰਮਾਤਮਾ ਮਿਲ ਪਿਆ ਹੈ। ਰਾਮ ਅਤੇ ਕਬੀਰ (ਮੈਂ) ਹੁਣ ਇਕ -ਮਿਕ (ਭਾਵ ਤਦ ਰੂਪ) ਹੋ ਗਏ ਹਾਂ ਕੋਈ ਮਨੁਖ ਵੀ ਮੈਨੂੰ ਪਛਾਣ ਨਹੀਂ ਸਕਦਾ।

ਗੁਰ ਪਾਰਸ ਹਮ ਲੋਹ ਮਿਲਿ ਕੰਚਨ ਹੋਇਆ ਰਾਮ॥

ਗੁਰੂ ਪਾਰਸ ਹੈ (ਅਤੇ) ਮੈਂ ਲੋਹੇ (ਸਮਾਨ) (ਜਿਵੇਂ ਲੋਹਾ ਪਾਰਸ ਨੂੰ) ਮਿਲਕੇ ਸੋਨਾ ਹੁੰਦਾ ਹੈ ਤਿਵੇਂ ਹੀ ਮੈਂ ਪਾਰਸ ਗੁਰੂ ਨੂੰ ਮਿਲਕੇ ਸੋਨੇ ਸਮਾਨ ਹੋ ਗਿਆ ਹਾਂ।

ਗੁਰਿ ਪੂਰੈ ਮੇਰੀ ਰਾਖਿ ਲਈ॥ 

ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ॥ਰਹਾਉ॥

(ਹੇ ਭਾਈ) ਪੂਰੇ ਗੁਰੂ ਨੇ ਮੇਰੀ (ਇਜਤ) ਰਖ ਲਈ ਹੈ। ਮੇਰੇ ਹਿਰਦੇ ਵਿੱਚ ਅੰਮ੍ਰਿਤ ਨਾਮ (ਵਸਾ) ਦਿੱਤਾ ਹੈ, ਜਿਸ ਦੇ ਫਲ ਸਰੂਪ ਮੇਰੇ) ਜਨਮ-ਜਨਮਾਂਤਰਾਂ ਦੀ (ਹਉਮੈ ਰੂਪੀ) ਮੈਲ ਦੂਰ ਹੋ ਗਈ ਹੈ। ਰਹਾਉ॥

ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ॥

ਮੈਨੂੰ ਕਈ ਜਨਮਾਂ ਤੋਂ ਬਾਅਦ ਜੋ ਮਨੁਖਾ ਜਨਮ ਮਿਲਿਆ ਹੁਣ ਮੈਂ ਇਸ ਜਨਮ ਵਿਚ ਪ੍ਰਭੂ ਦਾ ਸਿਮਰਨ ਕਰਕੇ ਬਾਜ਼ੀ ਜਿੱਤ ਲਈ ਹੈ ਤੇ ਫਿਰ ਮੈਂ ਕਦੀ ਬਾਜੀ ਹਾਰੀ ਨਹੀਂ।

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥

ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥

ਹੇ ਮਾਧਵੇ ਜਦੋਂ ਅਸੀਂ ਹੁੰਦੇ ਸਾਂ ਭਾਵ – ਜਦੋਂ ਮੇਰੇ ਅੰਦਰ ਹਉਮੈ ਸੀ ਤਦੋਂ ਤੂੰ ਮੇਰੇ ਅੰਦਰ ਨਹੀਂ ਸੀ ਵਸਦਾ। ਹੁਣ ਤੂੰ ਹੀ ਤੂੰ ਹੋ ਰਹੀ ਹੈ ਜਿਵੇਂ ਤੇਜ ਹਵਾ ਚੱਲਣ ਨਾਲ ਜਿਸ ਤਰ੍ਹਾਂ ਸਮੁੰਦਰ ਵਿਚ ਲਹਿਰਾਂ ਉਠਦੀਆਂ ਹਨ ਪਰ ਉਹ ਕੇਵਲ ਪਾਣੀ ਦੇ ਅੰਦਰ ਪਾਣੀ ਹੀ ਹੁੰਦੀਆਂ ਹਨ ਭਾਵ – ਲਹਿਰਾਂ ਤੇ ਸਮੁੰਦਰ ਦੇ ਪਾਣੀ ਵਾਂਗ ਤੁਹਾਡੇ ਤੇ ਮੇਰੇ ਵਿਚ ਕੋਈ ਫਰਕ ਨਹੀਂ ਰਿਹਾ।

ਇਸ ਤਰ੍ਹਾਂ ਦੇ ਇਨਸਾਨਾਂ ਬਾਰੇ ਗੁਰਬਾਣੀ ਦੱਸਦੀ ਹੈ ਕਿ ਉਹ ਹਮੇਸ਼ਾਂ ਅਨੰਦ ਵਿਚ ਰਹਿੰਦੇ ਹਨ। ਉਹ ਦੁੱਖ-ਸੁੱਖ, ਨਫ਼ਾ-ਨੁਕਸਾਨ, ਮਾਨ-ਅਪਮਾਨ ਅਤੇ ਨਿੰਦਾ-ਉਸਤਤ ਦਾ ਅਸਰ ਬਿਲਕੁਲ ਵੀ ਕਬੂਲ ਨਹੀਂ ਕਰਦੇ।

ਜਿਸ ਗੁਰਮੁੱਖ ਜਨ ਨੂੰ ਆਪਣੇ ਜੀਵਨ ਕਾਲ ਵਿਚ ਇਸ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਹੋ। ਜਾਂਦੀਆਂ ਹਨ, ਉਹ ਆਪਣੇ ਜੀਵਨ ਕਾਲ ਵਿਚ ਹੀ ਭਗਤਾਂ ਤੇ ਗੁਰੂ ਸਾਹਿਬਾਨ ਵਾਂਗ ਉਪਰ ਲਿਖਤ ਗੁਰਬਾਣੀ ਦੀਆਂ ਤੁਕਾਂ ਆਪਣੇ ਅੰਤਹਕਰਨ `ਚ ਆਪਣੇ ਜੀਵਨ ਕਾਲ ਵਿਚ ਬੋਲ ਪੈਂਦਾ ਹੈ।

ਹੁਣ ਜ਼ਰਾ ਸੋਚੀਏ: ਮਰੇ ਹੋਏ ਪਾਣੀ ਦੇ ਪਿੱਛੋਂ ਜਿਸ ਤਰ੍ਹਾਂ ਦੇ ਕਰਮ ਅਸੀਂ ਅੱਜ ਵੀ ਗੁਰਬਾਣੀ ਪੜ੍ਹਨ ਵਾਲੇ ਕਰ ਰਹੇ ਹਾਂ, ਕੀ ਇਸੀ ਤਰ੍ਹਾਂ ਦੇ ਕਰਮ ਕਾਂਡ ਹੀ ਗੁਰੂ ਸਾਹਿਬਾਨ ਨੇ ਕੀਤੇ ਹੋਣਗੇ ? ਨਹੀਂ, ਨਹੀਂ, ਨਹੀਂ, ਬਿਲਕੁਲ ਨਹੀਂ।

ਨਿਚੋੜ: ਮਰੇ ਹੋਏ ਪਾਣੀ ਪਿੱਛੋਂ ਸਾਡੇ ਦੁਆਰਾ ਕੀਤੇ ਫੋਕਟ ਕਰਮਕਾਂਡ, ਪਾਣੀ ਦਾ ਬਿਲਕੁਲ ਕੁਝ ਵੀ ਨਹੀਂ ਸਵਾਰਦੇ, ਬਲਕਿ ਅਸੀਂ ਆਪਣਾ ਧਨ ਤੇ ਸਮਾਂ ਬਰਬਾਦ ਕਰਕੇ ਗੁਰੂ ਹੁਕਮਾਂ ਦੀ ! ਅਦੂਲੀ ਕਰਨ ਦੇ ਦੋਸ਼ੀ ਹੀ ਬਣਦੇ ਹਾਂ। ਸੋ ਆਓ ! ਅਸੀਂ ਅੱਜ ਤੋਂ ਇਹ ਪ੍ਰਣ ਕਰੀਏ ਕਿ ਅਸੀਂ ਉਹ ਫੋਕਟ ਕਰਮ ਕਾਂਡ ਬਿਲਕੁਲ ਵੀ ਨਹੀਂ ਕਰਾਂਗੇ ਜਿਸ ਨਾਲ ਪ੍ਰਾਣੀ ਅਤੇ ਸਾਨੂੰ ਵੀ ਕੋਈ ਅਧਿਆਤਮਕ ਲਾਭ ਨਾ ਹੁੰਦਾ ਹੋਵੇ ਅਤੇ ਧਨ ਤੇ ਸਮਾਂ ਵੀ ਬਰਬਾਦ ਹੋਵੇ।

– ਸੋ ਜਦੋਂ ਤਕ ਸਾਡੇ ਅੰਦਰੋਂ ਗੁਰਬਾਣੀ ਦੀਆਂ, ਉਪਰਲੀਆਂ ਇਸ ਤਰ੍ਹਾਂ ਦੀਆਂ ਤੁਕਾਂ ਵਾਲੇ ਵਿਚਾਰ ਨਹੀਂ ਫੁਰਦੇ ਤਾਂ ਕੀ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਅਜੇ ਜਨਮ-ਮਰਨ ਦਾ ਚੱਕਰ ਖ਼ਤਮ ਨਹੀਂ ਹੋਇਆ? ਅਸੀਂ ਭਾਵੇਂ ਦਿਖਾਵੇ ਦੀ ਗੁਰਬਾਣੀ ਪੜ੍ਹਦੇ-ਸੁਣਦੇ ਹੋਈਏ, ਸਤਿਸੰਗ ਕਰਦੇ ਹੋਈਏ ਅਤੇ ਕਈ ਤਰ੍ਹਾਂ ਦੇ ਹੋਰ ਨੇਕ ਕਰਮ ਵੀ ਕਰਦੇ ਹੋਈਏ। ਸੋ ਸਾਡੇ `ਤੇ ਵੀ ਜਦੋਂ, ਗੁਰਬਾਣੀ ਅਨੁਸਾਰ ਜੀਵਨ ਜੀਣ ਦਾ ਸਦਕਾ, ਪਰਮੇਸ਼ਵਰ ਦੀ ਕਿਰਪਾ ਹੋਵੇਗੀ, ਤਾਂ ਅਸੀਂ ਵੀ ਆਪਣੇ ਤਹਿ ਦਿਲ ਤੋਂ ਬੋਲ ਪਵਾਂਗੇ: “ਦੋਵੈ ਥਾਵ ਰਖੇ ਗੁਰ ਸੂਰੇ॥ ਹਲਤ ਪਲਤ ਪਾਰਬ੍ਰਹਮਿ ਸਵਾਰੇ

ਕਾਰਜ ਹੋਏ ਸਗਲੇ ਪੂਰੇ ॥825

‘’ ਸਫਲ ਸਫਲ ਭਈ ਸਫਲ ਜਾਤ੍ਰਾ ਆਵਣ ਜਾਣ ਰਹੇ ਮਿਲੇ ਸਾਧਾ ॥687