Loader Image
ਬਾਬਾ ਬੋਲਤੇ ਤੇ ਕਹਾ ਗਏ

ਬਾਬਾ ਬੋਲਤੇ ਤੇ ਕਹਾ ਗਏ

ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ। 

ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ॥ 

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ 

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ॥ਰਹਾਉ॥ 

ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ੍॥ 

ਸਾਖੀ ਸਬਦੁ ਸੁਰਤਿ ਨਹੀ ਊਪਜੈ ਖਿੰਚਿ ਤੇਜੁ ਸਭੁ ਲੀਨਾ੍॥ 

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ॥ 

ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ॥ 

ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ॥ 

ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ॥

ਮਿਰਤਕ ਭਏ ਦਸੈ ਬੰਦ ਛੂਟੇ ਮਿਤੁ ਭਾਈ ਸਭ ਛੋਰੇ॥ 

ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ॥

ਕਬੀਰ ਜੀ ਦਾ ਇਹ ਸ਼ਬਦ ਰਾਗ ਆਸਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰ. 440 ਤੇ ਸੁਸ਼ੋਭਿਤ ਹੈ। ਕੁਝ ਸਾਲ ਪਹਿਲਾਂ ਤਕ ਇਹ ਸ਼ਬਦ ਨਹੀਂ ਸੀ ਗਾਇਆ ਜਾਂਦਾ ਪਰ ਕਿਸੇ ਰਾਗੀ ਸਿੰਘ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ, ਅਲਵਰ ਵਾਲਿਆਂ ਦੀ ਅੰਤਿਮ ਅਰਦਾਸ ਤੇ ਗਾਇਆ ਸੀ। ਉਸ ਤੋਂ ਬਾਦ ਇਹ ਸ਼ਬਦ ਵੀ ਕੁਝ ਇਸ ਤਰ੍ਹਾਂ ਮਸ਼ਹੂਰ ਹੋ ਗਿਆ ਜਿਵੇ ਹੇਠ ਲਿਖੇ ਸ਼ਬਦ ਮਸ਼ਹੂਰ ਹਨ:

1. ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ 

2. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥

ਕੀ ਤੁਹਾਨੂੰ ਇਹ ਪਤਾ ਹੈ ਕਿ ਇਹ ਸ਼ਬਦ ਕਿਉਂ ਮਸ਼ਹੂਰ ਹੋਇਆ? 

ਲਗਦਾ ਹੈ ਕਿ ਇਹ ਸ਼ਬਦ ਇਸ ਲਈ ਮਸ਼ਹੂਰ ਹੋਇਆ ਕਿਉਂਕਿ ਗਿਆਨੀ ਸੰਤ ਸਿੰਘ ਜੀ ਮਸਕੀਨ ਕਥਾਕਾਰ ਸਨ (ਕਥਾ ਕਰਦੇ ਸਨ) ਅਤੇ ਇਸ ਸ਼ਬਦ ਦੀ ਇਕ ਪੰਗਤੀ “ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ॥ਰਹਾਉ॥” ਵਿਚ ਕਥਾ ਅੱਖਰ ਆਇਆ ਹੈ।

ਪਰ ਜਦੋਂ ਇਸ ਸ਼ਬਦ ਦੀ ਕੁਝ ਸੂਝਵਾਨ ਗੁਰਸਿੱਖਾਂ ਨੇ ਵਿਚਾਰ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ, ਕਬੀਰ ਜੀ ਇਸ ਸ਼ਬਦ ਵਿਚ ਬਾਹਰਲੀ ਕਥਾ-ਵਾਰਤਾ ਨਹੀਂ ਬਲਕਿ ਆਪਣੀ ਹੱਡਬੀਤੀ ਅਵਸਥਾ ਦਾ ਵਰਨਨ ਇਸ ਤਰ੍ਹਾਂ ਕਰ ਰਹੇ ਹਨ ਕਿ ਜਦੋਂ ਉਨ੍ਹਾਂ ਦੇ ਕੀਤੇ ਸਿਮਰਨ ਪਾਠ-ਪੂਜਾ ਨੂੰ ਫਲ ਲਗਣਾ ਸ਼ੁਰੂ ਹੋਇਆ ਤਾਂ ਉਨ੍ਹਾਂ ਦੇ ਅੰਦਰ ਜੋ ਪੰਜ ਵਿਕਾਰ ਉਨ੍ਹਾਂ ਨੂੰ ਅਧਿਆਤਮਕ ਜੀਵਨ ਤੋਂ ਹਟਾਣ ਲਈ ਆਪਸ ਵਿਚ ਕਈ ਤਰ੍ਹਾਂ ਦੇ ਸਲਾਹ ਮਸ਼ਵਰਾ (ਕਥਾ ਬਾਰਤਾ) ਕਰਦੇ ਸਨ, ਪਤਾ ਨਹੀਂ ਕਿਥੇ ਚਲੇ ਗਏ, ਭਾਵ ਕਿ ਕਿਧਰੇ ਦੂਰ ਭਜ ਗਏ। 

ਸੋ ਸਾਡੀ ਰਾਗੀ ਸਿੰਘਾਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਬਦਾਂ ਨੂੰ ਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਘੋਖ (ਪੜਤਾਲ) ਕਰਕੇ ਅਤੇ ਸਮਝ ਕੇ ਸ਼ਬਦ ਗਾਇਨ ਕਰਿਆ ਕਰਨ ਕਿ ਇਹ ਸ਼ਬਦ ਸਾਨੂੰ ਕੀ ਸੁਨੇਹਾ ਦੇ ਰਿਹਾ ਹੈ। ਦੂਸਰਾ, ਗਾਇਨ ਕੀਤੇ ਜਾਂਦੇ ਸ਼ਬਦਾਂ ਦੀ ਵਿਆਖਿਆ ਵੀ ਸੰਗਤਾਂ ਵਿਚ ਜਰੂਰ ਕਰਿਆ ਕਰਨ। ਜੇ ਰਾਗੀ ਸਿੰਘ ਸ਼ਬਦਾਂ ਦੀ ਵਿਆਖਿਆ ਨਹੀਂ ਕਰਦੇ ਤਾਂ ਸੰਗਤਾਂ ਸ਼ਬਦ ਗਾਇਨ ਕਰਨ ਵਾਲਿਆਂ ਨੂੰ ਬੇਨਤੀ ਕਰਨ ਕਿ ਇਨ੍ਹਾਂ ਸ਼ਬਦਾਂ ਦੇ ਮਤਲਬ ਵੀ ਦੱਸੋ ਜੀ।

ਇਸੇ ਸ਼ਬਦ ਵਿਚ “ਬਾਬਾ ਬੋਲੜੇ ਤੇ ਕਹਾ ਗਏ” ਪੰਗਤੀ ਵੀ ਆਂਦੀ ਹੈ ਤੇ ਰਾਗੀ ਸਿੰਘ ਇਸੇ ਨੂੰ ਹੀ ਸਥਾਈ ਬਣਾ ਕੇ ਇਹ ਪ੍ਰਭਾਵ ਦੇ ਰਹੇ ਹੁੰਦੇ ਹਨ ਕਿ ਜਿਹੜਾ ਬੰਦਾ ਮਰਨ ਤੋਂ ਪਹਿਲਾ ਸਾਡੇ ਨਾਲ ਗਲਾਂ ਬਾਤਾਂ ਕਰਦਾ ਸੀ ਅਜ ਓਹ ਕਿਥੇ ਚਲਾ ਗਿਆ। ਜਦਕਿ ਗੁਰਬਾਣੀ ਦੇ ਇਸ ਪੂਰੇ ਸ਼ਬਦ ਨੂੰ ਚੰਗੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਦਾ ਹੈ ਕਿ ਇਥੇ ਸੰਸਾਰ ਛੱਡਕੇ ਜਾਣ ਵਾਲੇ ਬੰਦੇ ਦੀ ਗਲ ਨਹੀਂ ਜੋ ਕਿ ਅਸੀਂ ਸਮਝ ਰਹੇ ਹਾਂ, ਬਲਕਿ ਜੋ ਸਾਡੇ ਅੰਦਰ ਪੰਜ ਵਿਕਾਰ (ਕਾਮ, ਕਰੋਧ ਲੋਭ, ਮੋਹ, ਅਹੰਕਾਰ) ਬੋਲਦੇ ਹਨ ਉਨ੍ਹਾਂ ਦੀ ਗਲ ਹੋ ਰਹੀ ਹੈ। ਸੋ, ਸਾਨੂੰ ਆਪਣੀ ਸੋਚ ਨੂੰ ਗੁਰਬਾਣੀ ਦੇ ਮੁਤਾਬਿਕ ਢਾਲਣਾ ਪਵੇਗਾ। 

ਹੁਣ ਇਕ ਹੋਰ ਗਲ ਸਮਝਣ ਵਾਲੀ ਇਹ ਹੈ ਕਿ ਸਾਨੂੰ ਇਸ ਸ਼ਬਦ ਵਿਚ ਦੋ ਤਰ੍ਹਾਂ ਦੀਆਂ ਅਵਸਥਾਵਾਂ ਦਾ ਹੋਰ ਵੀ ਪਤਾ ਲਗਦਾ ਹੈ ਜਿਵੇਂ ਕਿ ਕਬੀਰ ਜੀ ਨੂੰ ਪਹਿਲੇ ਇਹ ਪੰਜੋ ਵਿਕਾਰ ਆਪਣੇ ਅੰਦਰ ਨਜਰ ਆਏ ਤੇ ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾਣ ਲਈ ਰਬ ਨੂੰ ਬੇਨਤੀਆਂ ਕਰਦੇ-ਕਰਦੇ ਕਈ ਸਾਲ ਲਗੇ ਹੋਣਗੇ। ਫਿਰ ਜਦੋਂ ਉਨ੍ਹਾਂ ਦੀ ਅਰਦਾਸ ਕਬੂਲ ਹੋਈ ਤਾਂ ਜਾ ਕੇ ਇਨ੍ਹਾਂ ਵਿਕਾਰਾਂ ਨੇ ਕਬੀਰ ਜੀ ਦਾ ਖਹਿੜਾ ਛਡਿਆ। ਇਸ ਤਰ੍ਹਾਂ ਕਬੀਰ ਜੀ ਦੀ ਅਵਸਥਾ ਹੋਰ ਉਚੀ ਹੋ ਗਈ।

ਹੇ ਪਾਠਕ ਜਨੋਂ ਹੁਣ ਅਸੀਂ ਆਪਣੇ ਬਾਰੇ ਪੜਚੋਲ ਕਰਕੇ ਪਾਠਕਾਂ ਨੂੰ ਦਸ ਰਹੇ ਹਾਂ ਕਿ ਇਹ ਵਿਕਾਰ ਸਾਨੂੰ ਅਜੇ ਵਿਕਾਰ ਲਗ ਹੀ ਨਹੀਂ ਰਹੇ। ਪਤਾ ਨਹੀਂ ਕਿਹੜੇ ਜਨਮ ਵਿਚ ਸਾਨੂੰ ਇਨ੍ਹਾਂ ਵਿਕਾਰਾਂ ਦੀ ਸਮਝ ਆਵੇਗੀ ਅਤੇ ਸਾਡੀ ਬੇਨਤੀ ਸ਼ੁਰੂ ਹੋਵੇਗੀ, ਫਿਰ ਕਦੋਂ ਸਾਡੀ ਅਰਦਾਸ ਕਬੂਲ ਹੋਵੇਗੀ ਤੇ ਪਤਾ ਨਹੀਂ ਕਿਹੜੇ ਜਨਮ ਵਿਚ ਇਹ ਵਿਕਾਰ ਸਾਡਾ ਖਹਿੜਾ ਛਡਣਗੇ। ਸੋ ਇਹ ਤਾਂ ਕਈ ਜਨਮਾਂ ਦੀ ਖੇਡ ਹੈ।