ਕਿਸੇ ਮਨੁੱਖ ਦੇ ਪਹਿਰਾਵੇ, ਬੋਲਚਾਲ ਤੇ ਵਰਤਣ ਵਿਓਹਾਰ ਤੋਂ ਉਸਦੇ ਸਮਾਜਿਕ ਤੇ ਧਾਰਮਿਕ ਪਿਛੋਕੜ ਦੀ ਪਹਿਚਾਣ ਹੁੰਦੀ ਹੈ ਕਿ ਉਹ ਹਿੰਦੂ, ਮੁਸਲਮਾਨ, ਇਸਾਈ, ਸਿੱਖ, ਜਾਂ ਕਿਸੇ ਹੋਰ ਧਰਮ, ਪੰਥ ਤੇ ਫਿਰਕੇ ਨਾਲ ਸੰਬੰਧਿਤ ਹੈ। ਇਨ੍ਹਾਂ ਦਰਸਾਏ ਵਰਗਾਂ ਦੀਆਂ ਆਪੋ ਆਪਣੀਆਂ ਸਮਾਜਿਕ ਅਤੇ ਧਾਰਮਿਕ ਮਰਯਾਦਾਵਾਂ ਤੇ ਰਹੁ -ਰੀਤਾਂ ਹਨ, ਜਿਨ੍ਹਾਂ ਦਾ ਉਹ ਪਾਲਣ ਕਰਦੇ ਹਨ।
ਗੁਰਬਾਣੀ ਵਿਚ ਗੁਰਦੇਵ ਪਿਤਾ ਨੇ ਹਿੰਦੂਆਂ, ਮੁਸਲਮਾਨਾਂ, ਜੋਗੀਆਂ, ਜਤੀਆਂ, ਜੈਨੀਆਂ ਤੇ ਵੈਸ਼ਨਵਾਂ ਦੁਆਰਾ ਕੀਤੀਆਂ ਜਾ ਰਹੀਆਂ ਰੀਤਾਂ ਦਾ ਕਈ ਵਾਰ ਜ਼ਿਕਰ ਕੀਤਾ ਹੈਤੇ ਗੁਰਸਿੱਖਾਂ ਨੂੰ ਇਨ੍ਹਾਂ ਮਤਾਂ ਦੀਆਂ ਰੀਤਾਂ ਰਸਮਾਂ ਨੂੰ ਤਿਆਗਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਖਾਸ ਤੋਰ ਤੇ ਪੰਡਿਤਾਂ ਤੇ ਮੌਲਾਣਿਆਂ ਰਾਹੀਂ ਕੀਤੀਆਂ ਤੇ ਕਾਰਵਾਈਆਂ ਧਾਰਮਿਕ ਰਸਮਾ ਦਾ, ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:
- ਹਮਰਾ ਝਗਰਾ ਰਹਾ ਨਾ ਕੋਊ।।ਪੰਡਿਤ ਮੁਲਾਂ ਛਾਡੇ ਦੋਊ।।ਰਹਾਉ।।
- ਬੁਨਿ ਬੁਨਿ ਆਪ ਆਪਿ ਪਹਿਰਾਵਉ।। ਜਹ ਨਹੀ ਆਪੁ ਤਹਾ ਹੋਇ ਗਾਵਉ।।
- ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨਾ ਲੀਆ।।
ਭਾਵ ਕਿ ਅਸੀਂ ਪੰਡਿਤਾਂ ਤੇ ਮੌਲਵੀਆਂ ਵਾਲਿਆਂ ਸਭ ਰੀਤਾਂ ਛੱਡ ਦਿੱਤੀਆਂ ਹਨ। ਹੁਣ ਅਸੀ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਣ ਤੇ ਮੰਨਣ ਵਾਲਿਆਂ ਨੂੰ ਇਹ ਦੇਖਣਾਂ ਤੇ ਵਿਚਾਰਨਾ ਹੈ ਕਿ ਅਸੀਂ ਜਾਣੇ-ਅਣਜਾਣੇ ਵਿਚ ਉਹ ਪੰਡਿਤਾਂ ਤੇ ਮੌਲਾਣਿਆਂ ਵਾਲੀਆਂ ਰੀਤਾਂ ਰਸਮਾਂ ਤਾਂ ਨਹੀਂ ਕਰ ਰਹੇ ਜਿਨ੍ਹਾਂ ਤੋਂ ਗੁਰਦੇਵ ਪਿਤਾ ਨੇ ਵਰਜਿਆ ਹੈ, ਜਿਵੇਂ ਕਿ ਕਿਸੇ ਘਰ ਦੇ ਜੀਅ ਜਾਂ ਸਬੰਧੀ ਦੇ ਸਰੀਰ ਤਿਆਗਣ ਤੇ :
- ਅਖੀਰਲੇ ਸਵਾਸਾਂ ਤੇ ਪਏ ਬੰਦੇ ਦੇ ਮੂੰਹ ਵਿਚ ਗੰਗਾ ਜਲ ਪਾਉਣਾ। ਪੈਸੇ ਤੇ ਰਾਸ਼ਨ ਨੂੰ ਹੱਥ ਲਗਵਾ ਕੇ ਦਾਨ ਪੁੰਨ ਕਰਨਾ।
- ਮਿਰਤਕ ਸਰੀਰ ਨੂੰ ਮੰਜੇ ਤੋਂ ਹੇਠਾ ਉਤਾਰਨਾ।
- ਮਿਰਤਕ ਸਰੀਰ ਨੂੰ ਲਾਂਬੂ ਲਾਉਣ ਵੇਲੇ ਪਰਕਰਮਾ ਕਾਰਨੀ ਤੇ ਪੈਸੇ ਰਖ ਕੇ ਮੱਥੇ ਟੇਕਣਾ।
- ਮਿਰਤਕ ਪ੍ਰਾਣੀ ਦੇ ਸਾਰੇ ਕ੍ਰਿਆ -ਕਰਮ ਵਿਚ ਧੀ-ਜਵਾਈ ਨੂੰ ਨੇੜੇ ਨ ਆਣ ਦੇਣਾ।
- ਕਪਾਲ ਕਿਰਿਆ ਕਰਨੀ (ਸਸਕਾਰ ਦੌਰਾਨ ਸਿਰ ਵਿਚ ਡੰਡਾ ਮਾਰਨਾ)।
- ਚੌਥੇ ਵਾਲੇ ਦਿਨ ਅੰਗੀਠਾ ਫਰੋਲ ਕੇ ਅਸਥੀਆਂ ਚੁਣਨਾ ਤੇ ਕੱਚੀ ਲੱਸੀ ਨਾਲ ਧੋਣਾ।
- ਦੁੱਧ, ਅਗਰਬੱਤੀ, ਕੱਚੀਆਂ-ਪੱਕੀਆਂ ਰੋਟੀਆਂ, ਕੱਚੀ-ਪੱਕੀ ਦਾਲ, ਫੱਲ-ਫਰੂਟ, ਮਿਠਾਈਆਂ ਰੁਖਣੀਆਂ, ਦੀਵੇ ਬਾਲਣੇ ਆਦਿ।
- ਲਕੜੀ ਦੀਆਂ ਕਿੱਲੀਆਂ ਗੱਡ ਕੇ ਮੋਲੀਆਂ ਬੰਨਣੀਆਂ ਤੇ ਸ਼ੁਭ-ਅਸ਼ੁਭ ਦਿਨ ਦਾ ਵਿਚਾਰ ਕਰਨਾ।
- ਚਿੱਟੀ ਜਾਂ ਲਾਲ ਥੈਲੀ ਵਿੱਚ ਅਸਥੀਆਂ ਪਾਉਣੀਆਂ ਤੇ ਵਿੱਚ ਪੈਸੇ ਪਾਉਣੇ।
- ਭੋਗ ਵਾਲੇ ਦਿਨ ਰਾਸ਼ਨ, ਬਿਸਤਰੇ, ਭਾਂਡੇ ਆਦਿਕ ਦਾਨ ਕਰਨ ਦਾ ਅਡੰਬਰ ਕਰਨਾ।
- ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਉਚੇਚੇ ਤੋਰ ਤੇ ਹਰਿਦਵਾਰ ਜਾਂ ਕੀਰਤਪੁਰ ਸਾਹਿਬ ਲੈ ਕੇ ਜਾਣਾ।
- ਸ਼ਰਾਧਾਂ ਦੇ ਦਿਨਾਂ ਵਿਚ ਗੁਰਦੁਆਰੇ ਦੇ ਸੇਵਾਦਾਰਾਂ ਨੂੰ ਲੰਗਰ ਛਕਾਉਣਾ, ਗੁਰਦੁਆਰੇ ਜਾ ਕੇ ਅਰਦਾਸ ਕਰਾਣੀ।
- ਸਲਾਨਾ ਬਾਹਰਵੇਂ ਮਹੀਨੇ ਦੀ ਬਜਾਇ ਗਿਆਰਵੇਂ ਮਹੀਨੇ ਕਰਨਾ ਆਦਿ।
ਆਉ ਅਸੀਂ ਆਪਣੇ ਅੰਦਰ ਨੇਕ ਨੀਅਤੀ ਨਾਲ ਝਾਤ ਮਾਰਕੇ ਗੁਰੂ ਪਿਤਾ ਦੇ ਬਚਨਾਂ ਦਾ ਸਤਿਕਾਰ ਕਰਦੇ ਹੋਏ ਅਜਿਹੀਆਂ ਵਰਜਿਤ ਰੀਤਾਂ, ਰਸਮਾਂ ਦਾ ਤਿਆਗ ਕਰੀਏ ਤੇ ਕਿਸੇ ਵੀ ਪਰਿਵਾਰ ਜਾਂ ਨਿਕਟ ਸਬੰਧੀ ਦੇ ਸਰੀਰ ਤਿਆਗਣ ਸਮੇਂ ਗੁਰਦੇਵ ਪਿਤਾ ਦੇ ਉਪਦੇਸ਼ਾਂ ਤੇ ਅਮਲ ਕਰਦੇ ਹੋਏ ਦੂਸਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੀਏ।