Loader Image
ਮੇਰੇ ਵਾਰਸਾਂ ਦੇ ਨਾਂ ਮੇਰੀ ਵਸੀਅਤ
Featured

ਮੇਰੇ ਵਾਰਸਾਂ ਦੇ ਨਾਂ ਮੇਰੀ ਵਸੀਅਤ

ਮੇਰੇ ਵਾਰਸਾਂ ਦੇ ਨਾਂ ਮੇਰੀ ਵਸੀਅਤ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਡੇ ਅਧਿਆਤਮਕ ਜੀਵਨ ਲਈ ਅਗਵਾਈ ਕਰ ਰਹੇ ਹਨ ਉਥੇ ਸਾਡੀ ਜੀਵਨ ਜਾਚ ਦਾ ਸੋਮਾ ਵੀ ਹਨ। ਇਸ ਲਈ ਹਰ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਹਰ ਸਿੱਖ ਦੇ ਜੀਵਨ ਵਿੱਚ ਚਾਰ ਮੌਕੇ ਸੰਸਕਾਰ ਵਿਸ਼ੇਸ਼ ਤੌਰ ਤੇ ਆਉਂਦੇ ਹਨ ਜਿਵੇਂ ਕਿ ਜਨਮ ਸੰਸਕਾਰ, ਅਮ੍ਰਿਤ ਸੰਸਕਾਰ, ਅਨੰਦ ਕਾਰਜ ਸੰਸਕਾਰ ਤੇ ਮਿਰਤਕ ਸੰਸਕਾਰ।ਇਨ੍ਹਾਂ ਮੌਕਿਆਂ ਤੇ ਹਰ ਗੁਰਸਿੱਖ ਲਈ ਆਪਣੇ-ਆਪ ਵਿਚ ਇਹ ਵੇਖਣਾ ਜ਼ਰੂਰੀ ਬਣਦਾ ਹੈ ਕਿ ਉਹ ਗੁਰੂ ਸਾਹਿਬ ਜੀ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਜਾ ਨਹੀ।

ਪਰ ਦੇਖਣ ਵਿਚ ਆ ਰਿਹਾ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਇਸ ਜੀਵਨ-ਜਾਚ ਤੋਂ ਜਾਣੂ ਹੀ ਨਹੀਂ ਇਸੇ ਲਈ ਉਹ ਗੁਰੂ ਸਿੱਖਿਆ ਦੇ ਉਲ਼ਟ ਜੀਵਨ ਬਤੀਤ ਕਰ ਰਹੇ ਹਨ।

ਇਸ ਪਰਚੇ ਵਿਚ ਅਸੀਂ ਸਿਰਫ ਮਿਰਤਕ ਸੰਸਕਾਰ ਬਾਰੇ ਹੀ ਵਿਚਾਰ ਕਰ ਰਹੇ ਹਾਂ। ਬਾਕੀ ਦੇ ਸੰਸਕਾਰਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਹਰ ਗੁਰਸਿੱਖ ਨੂੰ ‘ਸਿੱਖ ਰਹਿਤ ਮਰਿਆਦਾ’ ਨਾਮਕ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂਕਿ ਉਸ ਜੀਵਨ ਜਾਚ ਨੂੰ ਅਪਣਾ ਕੇ ਅਸੀਂ ਸਹੀ ਮਾਅਨਿਆਂ ਵਿੱਚ ਗੁਰੂ ਦੇ ਸਿੱਖ ਬਨ ਸਕੀਏ।

ਮ੍ਰਿਤਕ ਸੰਸਕਾਰ ਦਾ ਨਿਸ਼ਾਨਾ ਕੇਵਲ:

੧) ਨਾ ਸੰਭਾਲਣਯੋਗ ਸਰੀਰ ਦਾ ਨਿਪਟਾਰਾ

੨) ਜੀਵਾਤਮਾ ਲਈ ਅਰਦਾਸ

੩) ਚਲਣਹਾਰ ਸੰਸਾਰ ਨੂੰ ਉਪਦੇਸ਼

ਇਸ ਤੋਂ ਛੁੱਟ ਹੋਰ ਸਾਰੇ ਕਰਮ ਵਹਿਮ-ਭਰਮ ਜਾਂ ਦਿਖਾਵਾ ਹੁੰਦੇ ਹਨ।

ਇਸੇ ਲਈ ਮੇਰੇ ਚਲਾਣੇ ਤੋਂ ਬਾਅਦ ਮੇਰੇ ਵਾਰਸਾਂ ਨੂੰ ਗੁਰਮੱਤ ਅਨੁਸਾਰ ਮੇਰੇ ਵੱਲੋਂ ਹੇਠ ਲਿਖੀ ਵਸੀਅਤ ਹੈ:

੧. ਕਿਸੇ ਦਾ ਅਕਾਲ ਚਲਾਣਾ ਕਰਨ ਉਪਰੰਤ ਰੋਣ ਨਾਲ ਅਸੀਂ ਅਕਾਲ ਪੁਰਖ ਦਾ ਭਾਣਾ ਨਾ ਮੰਨਣ ਕਰਕੇ ਦੋਸ਼ੀ ਬਣਦੇ ਹਾਂ। ਇਸੇ ਲਈ ਮੇਰੇ ਚਲਾਣਾ ਕਰਨ ਤੇ ਕਿਸੇ ਵੀ ਸੱਜਣ ਨੇ ਰੋਣਾ ਨਹੀਂ ਸਗੋਂ ਉਸ ਵੇਲੇ ਬਾਣੀ ਦਾ ਪਾਠ ਸ਼ੁਰੂ ਕਰ ਦੇਣਾ।

੨. ਮੇਰੇ ਚਲਾਣੇ ਤੋਂ ਫੌਰਨ ਬਾਅਦ ਡਾਕਟਰ ਨੂੰ ਬੁਲਾ ਕੇ ਉਸ ਦੀ ਰਾਏ ਨਾਲ ਮੇਰੇ ਸਰੀਰ ਦੇ ਜੋ ਅੰਗ ਕਿਸੇ ਲੋੜਵੰਦ ਦੇ ਕੰਮ ਆ ਸਕਦੇ ਹੋਣ ਦੇ ਦੇਣਾ।

੩. ਜੇ ਮੇਰੇ ਸੁਆਸ ਮੰਜੇ ਤੇ ਪਿਆ ਨਿਕਲ ਜਾਣ ਦਾ ਮ੍ਰਿਤਕ ਸਰੀਰ ਨੂੰ ਵਹਿਮ ਕਾਰਨ ਮੰਜੇ ਤੋਂ ਨਾ ਉਤਾਰਿਆ ਜਾਵੇ।

੪. ਮੇਰੇ ਚਲਾਣੇ ਤੋਂ ਬਾਅਦ ਆਏ ਗਏ ਮਹਿਮਾਨਾਂ ਨੂੰ ਅਤੇ ਆਪ ਵੀ ਪ੍ਰਸ਼ਾਦਿ ਤਿਆਰ ਕਰਕੇ ਛਕਾਉਣ ਵਿੱਚ ਕੋਈ ਸੂਤਕ ਦਾ ਭਰਮ ਬਿਲਕੁਲ ਵੀ ਨਹੀਂ ਕਰਨਾ। ਸਸਕਾਰ ਤੋਂ ਬਾਅਦ ਭੋਗ ਵਾਲੇ ਦਿਨ ਜੇ ਆਈਆਂ ਸੰਗਤਾਂ ਨੂੰ ਲੰਗਰ ਛਕਾਉਣਾ ਹੋਵੇ ਤਾਂ ਬਿਲਕੁਲ ਸਾਦਾ ਹੋਵੇ ਤੇ ਉਹ ਵੀ ਪੰਗਤ ਵਿਚ ਬਿਠਾਕੇ ਬੜੇ ਪ੍ਰੇਮ ਨਾਲ ਛਕਾਇਆ ਜਾਵੇ।

੫. ਮੇਰੇ ਅਕਾਲ ਚਲਾਣੇ ਸਮੇਂ ਮੇਰਾ ਸਰੀਰ ਗੰਦਗੀ ਨਾਲ ਲਿੱਬੜਿਆ ਹੋਇਆ ਨਹੀਂ ਹੈ ਤਾਂ ਸਰੀਰ ਨੂੰ ਇਸ਼ਨਾਨ ਕਰਾਉਣ ਦੀ ਕੋਈ ਲੋੜ ਨਹੀਂ ਤੇ ਮੇਰਾ ਸੰਸਕਾਰ ਕਕਾਰਾਂ ਸਮੇਤ ਕੀਤਾ ਜਾਵੇ।

੬. ਮਿਰਤਕ ਸਰੀਰ ਨੂੰ ਢੱਕਣ ਲਈ ਕੱਪੜਿਆਂ ਤੋ ਇਲਾਵਾ ਕੇਵਲ ਇੱਕ ਚਾਦਰ ਦੀ ਲੋੜ ਹੁੰਦੀ ਹੈ। ਹੋਰ ਵੱਧ ਚਾਦਰਾਂ ਜਾਂ  ਦੁਸਾਲੇ ਪਾਉਣਾ  ਵਿਅਰਥ ਅਤੇ ਕੇਵਲ ਵਿਖਾਵਾ ਹੁੰਦਾ ਹੈ। ਮੇਰੇ ਮਰਨ ਉਪਰਾਂਤ ਏ ਵਿਖਾਵਾ ਨਾ ਕੀਤਾ ਜਾਵੇ। ਮੇਰੇ ਮ੍ਰਿਤਕ ਸਰੀਰ ਨੂੰ ਨਵੇਂ ਬਸਤਰ ਵੀ ਨਹੀਂ ਪਾਉਣੇ।

੭. ਮੇਰੇ ਮਰਨ ਉਪਰੰਤ ਚਵਰ ਕਰਨਾ, ਘੜਾ ਭੰਨਣਾ, ਕਪਾਲ ਕਿਰਿਆ, ਬੁੱਢਾ ਮਰਨਾ ਆਦਿ ਫੋਕਟ ਕਰਮ ਜਿਨ੍ਹਾਂ ਦਾ ਵਿਛੜੀ ਆਤਮਾ ਨੂੰ ਕੋਈ ਲਾਭ ਨਹੀਂ, ਨਾ ਕੀਤੇ ਜਾਣ।

੮. ਮਿਰਤਕ ਸਰੀਰ ਨੂੰ ਨੂੰਹਾਂ, ਪੁੱਤਰਾਂ,ਪੋਤਰਿਆਂ ਦਾ ਮੱਥਾ ਟੇਕਣਾ ਲਾਂਬੂ ਲਾਉਣ ਵੇਲੇ ਪੁੱਤਰ ਜਾਂ ਹਿਤੁ ਵੱਲੋਂ ਮ੍ਰਿਤਕ ਸਰੀਰ ਦੀ ਪ੍ਰਕਰਮਾ ਕਰਨੀ, ਮਿੱਟੀ ਦੀ ਪੂਜਾ ਹੈ, ਬਿਲਕੁੱਲ ਨਹੀਂ ਕਰਨੀ। ਮੇਰੀ ਚਿਤਾ ਨੂੰ ਲਾਂਬੂ ਮੇਰੀ ਧੀ (ਜੇਕਰ ਧੀ ਹੈ ਤਾਂ) ਜਾਂ ਕੋਈ ਗੁਰਮੁਖਿ ਹਸਤੀ ਲਗਾਵੇ। ਮੇਰਾ ਸੰਸਕਾਰ ਸ਼ਮਸ਼ਾਨ ਭੂਮੀ ਤੇ ਹੀ ਕਰਨਾ, ਸਸਕਾਰ ਸਥਾਨ ਤੇ ਮੜ੍ਹੀ (ਸਮਾਧ) ਨਹੀਂ ਬਣਾਉਣੀ। ਸੰਸਕਾਰ ਸਥਾਨ ਤੇ ਧੂਪ ਜਗਾਉਣੀ ਹਾਰ ਪਾਉਣੇ ਮੜ੍ਹੀ ਪੂਜਾ ਹੈ। ਸੰਸਕਾਰ ਸਮੇਂ ਗੁਰਮਤਿ ਅਨੁਸਾਰ ਇਹ ਵਿਵਰਜਿਤ ਕਰਮ ਭੀ ਨਹੀਂ ਕਰਨੇ। ਸਮੱਗਰੀ ਅਤੇ ਕਪੂਰ ਆਦਿ ਦੀ ਵਰਤੋਂ ਕਿਸੇ ਵਹਿਮ ਭਰਮ ਵਿੱਚ ਨਹੀਂ ਕਰਨੀ। ਇਹ ਤਾਂ ਕੇਵਲ ਵਾਤਾਵਰਣ ਨੂੰ ਸੁਗੰਧਤ ਕਰਨ ਲਈ ਹਨ।

੯. ਮੇਰਾ ਅੰਗੀਠਾ ਸੰਭਾਲਣ ਲੱਗੀਆਂ ਕਿਸੇ ਦਿਨ ਵਾਰ ਦਾ ਵਿਚਾਰ ਨਹੀਂ ਕਰਨਾ ਜਿਵੇਂ ਕਿ ਐਤਵਾਰ, ਬੁੱਧਵਾਰ ਆਦਿ ਤੇ ਨਾ ਹੀ ਸੰਗਰਾਂਦ, ਪੂਰਨਮਾਸ਼ੀ, ਮੱਸਿਆ ਜਾਂ ਦਿਨ ਤਿਉਹਾਰ ਦਾ ਭਰਮ ਕਰਨਾ।

੧੦. ਅੰਗੀਠੇ ਦੀ ਸੰਭਾਲ ਸਮੇਂ ਅਸਥੀਆਂ ( ਫੁੱਲ) ਅਲਗ ਨਾ ਚੁਣ ਕੇ, ਰਾਖ ਸਮੇਤ ਅੰਗੀਠਾ ਸੰਭਾਲ ਕੇ ਨੇੜੇ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਵੇ। ਉਚੇਰੇ ਤੌਰ ਤੇ ਕਿਧਰੇ ਵੀ ਜਿਵੇਂ ਕਿ ਕੀਰਤਪੁਰ ਸਾਹਿਬ ਜਾਂ ਹਰਦੁਆਰ ਬਿਲਕੁਲ ਵੀ ਨਾ ਲਿਜਾਇਆ ਜਾਏ। ਅੰਗੀਠੇ ਨੂੰ ਠੰਡਾ ਕਰਨ ਲਈ ਕੱਚੀ ਲੱਸੀ ਦੀ ਬਜਾਏ ਪਾਣੀ ਵਰਤਿਆ ਜਾਵੇ। ਅੰਗੀਠਾ ਅਸਥਾਨ ਤੇ ਨਾ ਧੂਪ ਜਗਾਈ ਜਾਵੇ ਤੇ ਨਾ ਹੀ ਸੇਹਰੇ ਪਾਏ ਜਾਣ ਕਿਉਂਕਿ ਇਹ ਮੜ੍ਹੀ ਪੂਜਾ ਹੈ।

੧੧. ਮੇਰੇ ਚਲਾਣੇ ਉਪਰੰਤ ਘਰ ਦੇ ਮੈਂਬਰ ਅਤੇ ਸਤਸੰਗੀ ਰਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਆਰੰਭ ਕਰ ਦੇਣ। ਜਿਥੋਂ ਤੱਕ ਹੋ ਸਕੇ ਪਾਠ ਸ਼ਰਧਾ ਸਹਿਤ ਆਪਣੇ ਭਲੇ ਲਈ ਸੁਣਿਆ ਵੀ ਜਾਵੇ।

੧੨. ਭੋਗ ਵਾਲੇ ਦਿਨ ਜੇ ਮੇਰੀ ਫੋਟੋ ਰੱਖਣੀ ਹੋਵੇ ਤਾਂ ਕੇਵਲ ਸੰਗਤਾਂ ਦੇ ਜੋੜਿਆਂ ਵਿਚ ਹੀ ਰਖਣੀ। ਹੋ ਸਕੇ ਤਾਂ ਕੀਰਤਨ ਸਤਿਸੰਗੀਆਂ    ਤੋਂ ਕਰਉਣਾ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਰਧਾਂਜਲੀ ਬਿਲਕੁਲ ਨਾ ਦਿੱਤੀ ਜਾਵੇ। ਕਿਸੇ ਵੀ ਪ੍ਰਕਾਰ ਦੀਆਂ ਸ਼ਰਧਾਂਜਲੀਆਂ ਗੁਰਮਤ ਵਿਰੁੱਧ ਹਨ।

੧੩. ਭੋਗ ਵਾਲੇ ਦਿਨ ਕੀਰਤਨ ਉਪਰੰਤ, ਅਰਦਾਸ ਤੋਂ ਪਹਿਲਾਂ ਚਲਾਣੇ ਸਬੰਧੀ, ਇਸੇ ਤਰ੍ਹਾਂ ਦੀਆਂ ਗੁਰਮਤ ਵਿਚਾਰਾਂ ਜ਼ਰੂਰ ਹੀ ਕੀਤੀਆਂ ਜਾਣ। ਸੰਸਕਾਰ ਵਾਲੇ ਦਿਨ ਤੋਂ ਭੋਗ ਵਾਲੇ ਦਿਨ ਤੱਕ ਰੋਜ਼ਾਨਾ ਅੰਤਮ ਸੰਸਕਾਰ ਸੰਬੰਧੀ ਗੁਰਮਤ ਵਿਚਾਰਾਂ ਜਰੂਰ ਹੀ ਕੀਤੀਆਂ ਜਾਣ।

੧੪. ਭੋਗ ਵਾਲੇ ਦਿਨ ਆਉਣ ਵਾਲੇ ਸੱਜਣ (ਖ਼ਾਸ ਕਰਕੇ ਬੀਬੀਆਂ) ਦਿਖਾਵੇ ਲਈ, ਚਿੱਟੇ ਕੱਪੜੇ ਪਾ ਕੇ ਨਾ ਆਉਣ।

੧੫. ਭੋਗ ਦੇ ਸਮੇਂ ਮੇਰੇ ਨਮਿਤ ਆਟਾ ਦਾਲ ਬਰਤਨ, ਬਿਸਤਰੇ ਅਤੇ ਫਲ ਆਦਿ ਬਿਲਕੁਲ ਨਾ ਦਿੱਤੇ ਜਾਣ।

੧੬. ਦਸਤਾਰਬੰਦੀ, ਸਿੱਖ ਧਰਮ ਦਾ ਕੋਈ ਨਿਯਮ ਨਹੀਂ, ਸਿੱਖਾਂ ਦੀ ਦਸਤਾਰ ਤਾਂ ਬਚਪਨ ਤੋਂ ਹੀ ਬਝੀ ਹੁੰਦੀ ਹੈ। ਅਕਾਲ ਪੁਰਖ ਵੱਲੋਂ ਦਰਜਾ-ਬਦਰਜਾ ਜੋ ਜਿੰਮੇਵਾਰੀ ਕਿਸੇ ਤੇ ਆਈ ਹੈ, ਖਿੜੇ ਮੱਥੇ ਪ੍ਰਵਾਨ ਕਰਨੀ ਹੈ।

੧੭. ਜੇਕਰ ਅਨੰਦ ਕਾਰਜ ਤੋਂ ਪਹਿਲਾਂ ਮੇਰਾ ਅਕਾਲ ਚਲਾਣਾ ਹੋ ਜਾਵੇ ਤਾਂ ਮੇਰੇ ਮਿਰਤਕ ਸਰੀਰ ਨੂੰ ਸਿਹਰਾ ਬੰਨਣ ਦੀ ਜਾਂ ਹੋਰ ਕੋਈ ਫਜ਼ੂਲ ਕਿਸਮ ਦੀ ਰਸਮ ਨਾ ਕੀਤੀ ਜਾਵੇ।

੧੮. ਜੇਕਰ ਮੇਰਾ ਚਲਾਣਾ ਮੇਰੇ ਪਤੀ ਦੇ ਜੀਵਨ ਕਾਲ ਵਿੱਚ ਹੋ ਜਾਵੇ ਤਾਂ ਮੇਰੇ ਮਿਰਤਕ ਸਰੀਰ ਨੂੰ ਕਿਸੇ ਕਿਸਮ ਦਾ ਸ਼ਿੰਗਾਰ ਨਾ ਕੀਤਾ ਜਾਵੇ ਜਿਵੇਂ ਕਿ ਮਾਂਗ ਭਰਨੀ, ਬਿੰਦੀ ਲਿਪਸਟਿਕ ਲਗਾਉਣੀ, ਗੁਲਾਬੀ ਜਾਂ ਲਾਲ ਰੰਗ ਦਾ ਸੂਟ ਪਾਉਣਾ।

੧੯. ਮੋੜਵੀ ਮਕਾਣ ਜਾਂ ਦਿਨ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਸੋਗ ਲਈ ਬੈਠਣ ਦੀ ਕੋਈ ਵੀ ਪ੍ਰਚਲੱਤ ਰਸਮ ਨਾ ਕੀਤੀ ਜਾਵੇ।

੨੦. ਮੇਰਾ ਸਰਾਧ ਵੀ ਨਹੀਂ ਕਰਨਾ ਅਤੇ ਨਾ ਹੀ ਸ਼ਰਾਧਾਂ ਦੇ ਦਿਨਾਂ ਵਿੱਚ ਮੇਰੇ ਨਮਿਤ ਗੁਰੂਦੁਆਰੇ ਅਰਦਾਸ ਕਰਾਈ ਜਾਵੇ।

੨੧. ਜੇਕਰ ਮੇਰਾ ਵਰ੍ਹੀਣਾ (ਸਾਲਾਨਾ) ਕਰਨਾ ਹੀ ਹੋਵੇ ਤਾਂ ਘਾਟੇ (ਦਸਵੇਂ ਜਾਂ ਗਿਆਰਵੇਂ ਮਹਿਨੇ) ਨਹੀਂ ਸਗੋਂ ਪੂਰੇ ਬਾਰਾਂ ਮਹੀਨੇ ਬਾਅਦ ਕੀਤਾ ਜਾਵੇ।

੨੨. ਕਫ਼ਨ ਵੇਚਣ ਵਾਲੇ ਦੁਕਾਨਦਾਰ ਮੌਕੇ ਦਾ ਫਾਇਦਾ ਚੁਕਦੇ ਹੋਏ, ਆਪਣੇ ਮੁਨਾਫ਼ੇ ਦੇ ਲਾਲਚ ਹਿਤ ਨਾਂ ਲੁੰੜੀਂਦੀਆਂ ਵਸਤਾਂ ਵੀ ਪਰਿਵਾਰ ਨੂੰ ਦੇ ਕੇ ਵਾਧੂ ਖਰਚਾ ਕਰਵਾਉਂਦੇ ਹਨ। ਇਸ ਲਈ ਲੋੜ ਅਨੁਸਾਰ ਹੇਠ ਲਿਖਿਆ ਜ਼ਰੂਰੀ ਸਮਾਨ ਹੀ ਖਰੀਦਿਆ ਜਾਵੇ: ਇਕ ਕਿਲੋ ਘਿਉ, ਸੂਤਰੀ, ਅੱਧਾ ਕਿਲੋ ਸਮੱਗਰੀ, ਵੀਹ ਕੁ ਗਰਾਮ ਦੇਸੀ ਕਪੂਰ ਅਤੇ ਮਾਚਿਸ। ਸੰਸਕਾਰ ਲਈ ਚੰਦਨ ਦੀ ਲਕੜੀ, ਸ਼ਹਿਦ, ਗੰਗਾਜਲ, ਮੳਲੀ, ਮੋਤੀ ਆਦਿ ਕੋਈ ਵੀ ਫਜ਼ੂਲ ਦਾ ਸਮਾਨ ਵਰਤੋਂ ਵਿਚ ਬਿਲਕੁਲ ਵੀ ਨਾ ਲਿਆਂਦਾ ਜਾਵੇ।

ਸੁਝਾਅ:

੧. ਹਰੇਕ ਗੁਰਦੁਆਰੇ ਵਿੱਚ ਪ੍ਰਾਣੀ ਨੂੰ ਸ਼ਮਸ਼ਾਨ ਭੂਮੀ ਤੇ ਲਿਜਾਣ ਲਈ ਘੱਟੋ-ਘੱਟ ਇੱਕ ਫੱਟਾ ਜ਼ਰੂਰ ਹੋਣਾ ਚਾਹੀਦਾ ਹੈ।

੨. ਸਰਾਧਾਂ ਦੇ ਦਿਨਾਂ ਵਿਚ ਗੁਰਦੁਆਰੇ ਵਿਚ ਉਚੇਚੇ ਤੌਰ ਤੇ ਗੁਜਰ ਚੁੱਕੇ ਪ੍ਰਾਣੀਆਂ ਨਮਿਤ ਅਰਦਾਸਾਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਗੁਰਦੁਆਰੇ ਦੇ ਸੂਝਵਾਨ ਸਟਾਫ ਨੂੰ ਗੁਜਰ ਚੁੱਕੇ ਪ੍ਰਾਣੀਆਂ ਨਮਿਤ ਪ੍ਰਸ਼ਾਦਾ ਵੀ ਬਿਲਕੁਲ ਨਹੀਂ ਛਕਣਾ ਚਾਹੀਦਾ, ਅਤੇ ਸਿੱਖ ਸੰਗਤਾਂ ਨੂੰ ਸਰਾਧ ਬਿਲਕੁਲ ਨਾ ਮਨਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।

੩. ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮ੍ਰਿਤਕ ਪ੍ਰਾਣੀ ਦੇ ਸਾਰੇ ਕਿਰਿਆ ਕਰਮ (ਸ਼ੁਰੂ ਤੋਂ ਅਖੀਰ ਤਕ) ਕਿਸੇ ਸੂਝਵਾਨ ਸੇਵਾਦਾਰ ਦੀ ਦੇਖ-ਰੇਖ ਵਿੱਚ ਕਰਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

--ਮਹਿੰਦਰ ਸਿੰਘ
ਬੀ-੧੩, ਫਤਿਹ ਨਗਰ ਜੇਲ ਰੋਡ, ਦਿੱਲੀ - ੧੧੦੦੧੮

To Download PDF of ਮੇਰੀ ਵਸੀਅਤ, click the button below:

78 KB