ਜਦੋਂ ਕੋਈ ਬੱਚਾ ਬਾਰਵੀਂ ਦਾ ਪੇਪਰ ਦੇਂਦਾ ਹੈ ਉਸਤੋਂ ਬਾਦ ਉਸਦਾ ਨਤੀਜਾ ਆਂਦਾ ਹੈ। ਜਾਂ ਤਾਂ ਉਹ ਪਾਸ ਹੋ ਜਾਂਦਾ ਹੈ ਜਾਂ ਫੇਲ, ਜਾਂ ਫਿਰ ਕੰਮਪਾਰਟਮੈਂਟ। ਫੇਲ ਬੱਚਾ, ਬੀ. ਏ. ਵਿਚ ਨਹੀਂ ਜਾ ਸਕਦਾ ਤੇ ਕੰਮਪਾਰਟਮੈਂਟ ਵਾਲੇ ਨੂੰ ਇਕ – ਦੋ ਸਬਜੈਕਟ ਦਾ ਦੁਬਾਰਾ ਇਮਤਿਹਾਨ ਦੇਣ ਦਾ ਮੋਕਾ ਮਿਲਦਾ ਹੈ।
ਜਿਸ ਤਰਾਂ ਬਾਰਵੀਂ ਪਾਸ ਕਰਕੇ ਹੀ ਬੱਚਾ ਬੀ. ਏ. ਵਿਚ ਜਾ ਸਕਦਾ ਹੈ ਨਹੀਂ ਤਾਂ ਬਾਹਰਵੀਂ ਵਿਚ ਹੀ ਰਹੇਗਾ। ਰੀਜਲਟ ਆਉਣ ਤੇ ਬੱਚੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਹੁਣ ਉਸਨੂੰ ਕੀ ਕਰਨਾ ਚਾਹੀਦਾ ਹੈ।
ਧਰਮ ਦੀ ਦੁਨੀਆਂ ਵਿਚ ਵੀ ਕੁਝ ਇਸੀ ਤਰਾਂ ਹੀ ਹੁੰਦਾ ਹੈ। ਕਈ ਸਾਲ ਗੁਰਬਾਣੀ ਦਾ ਪਾਠ, ਕੀਰਤਨ ਤੇ ਕਥਾ ਵਿਚਾਰ ਸੁਣ ਕੇ, ਸਹਿਜ ਪਾਠ ਕਰਕੇ, ਸਾਨੂੰ ਇਤਨਾ ਤਾਂ ਪਤਾ ਲਗ ਹੀ ਜਾਣਾ ਚਾਹੀਦਾ ਹੈ ਕਿ ਅਸੀਂ ਮਰਨ ਤੋਂ ਬਾਅਦ ਨਰਕ ਜਾਂ ਗੁਰ ਚਰਨਾਂ ਵਿਚ ਜਾਵਾਂਗੇ । ਜੇ ਸਾਨੂੰ ਇਤਨੀ ਵੀ ਸਮਝ ਨਹੀਂ ਆਈ ਤਾਂ ਫਿਰ ਸਾਨੂੰ ਇਹ ਸਮਝਣਾ ਚਾਹੀਦਾ ਕਿ ਦੁਨਿਆਵੀ ਪੜਾਈ ਕਰਨ ਵਾਲਾ ਬੱਚਾ ਸਾਡੇ ਨਾਲੋ ਚੰਗਾ ਹੈ ਕਿ ਉਸਨੂੰ ਨਤੀਜਾ ਆਣ ਤੇ ਉੱਪਰ ਲਿਖਤ ਤਿੰਨਾ ਗਲਾਂ ਦੀ ਸਮਝ ਤਾਂ ਆ ਹੀ ਗਈ ਹੈ। ਇਸੀ ਤਰ੍ਹਾਂ ਗੁਰਬਾਣੀ ਦੀਆਂ ਹੇਠ ਲਿਖੀਆਂ ਦੋ ਤਰ੍ਹਾਂ ਦੀਆਂ ਪੰਗਤੀਆਂ ਗੁਰਬਾਣੀ ਪੜਨ-ਸੁਣਨ ਵਾਲੇ ਨੂੰ ਇਹ ਨਤੀਜਾ ਦੇਂਦੀਆਂ ਹਨ ਕਿ ਉਸਨੇ ਮਰਨ ਤੋਂ ਬਾਦ ਕਿਥੇ ਜਾਣਾ ਹੈ – ਗੁਰ ਚਰਨਾਂ ਵਿਚ ਜਾਂ ਨਰਕ ਵਿਚ।
ਨਰਕਗਾਮੀ ਬਾਰੇ ਪੰਗਤੀਆਂ:
1. ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥
2. ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥
3. ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ॥
4. ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ॥
5. ਥਾਉ ਨ ਪਾਇਨਿ ਕੂੜਿਆਰ ਮੂਹ ਕਾਲੈ ਦੋਜਕਿ ਚਾਲਿਆ॥
6. ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥
7. ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥
8. ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ॥ ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ॥
9. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥
10. ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥
ਗੁਰ ਚਰਣਾਂ ਵਿਚ ਜਾਣ ਵਾਲਿਆਂ ਬਾਰੇ ਪੰਗਤੀਆਂ
1. ਜੋ ਸਿਮਰੰਦੇ ਸਾਂਈਐ ॥ ਨਰਕਿ ਨ ਸੇਈ ਪਾਈਐ॥
2. ਪ੍ਰਭ ਕੈ ਸਿਮਰਨਿ ਗਰਭਿ ਨ ਬਸੈ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ॥
3. ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ॥
4. ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥ ਸੋ ਜਨੁ ਨਾਨਕ ਦਰਗਹ ਪਰਵਾਨੁ॥
5. ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ॥ ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥
6. ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥
7. ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ॥
8. ਸੋ ਸੀਸੁ ਭਲਾ ਪਵਿਤੁ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥
9. ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ॥
10. ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥
ਸੋ, ਗੁਰਬਾਣੀ ਦੀਆਂ ਉਪਰਲੀਆਂ ਪੰਗਤੀਆਂ ਸਾਨੂੰ ਨਤੀਜਾ ਦਸ ਰਹੀਆਂ ਹਨ ਕਿ ਕਿਹੜੇ ਕੰਮ ਕਰਨ ਵਾਲਾ ਬੰਦਾ ਨਰਕਾਂ ਵਿਚ ਜਾਵੇਗਾ ਤੇ ਕਿਹੜੇ ਕਰਮ ਕਰਨ ਵਾਲਾ ਇਨਸਾਨ ਗੁਰ ਚਰਨਾਂ ਵਿਚ ਪਹੁੰਚੇਗਾ।
“ਮਤ ਜਾਣ ਸਹਿ ਗਲੀ ਪਾਇਆ” ਪੰਗਤੀ ਸਾਨੂੰ ਸਾਵਧਾਨ ਕਰ ਰਹੀ ਹੈ ਕਿ ਮਤਾਂ ਅਸੀਂ ਇਸ ਧਿਆਨ ਵਿਚ ਰਹੀਏ ਕਿ ਅਸੀਂ ਗੁਰਦੁਆਰੇ ਜਾਂਦੇ ਹਾਂ, ਪਾਠ ਕਰਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਅੰਮ੍ਰਿਤਪਾਨ ਵੀ ਕੀਤਾ ਹੈ, ਲੀਡਰ ਵੀ ਹਾਂ, ਗੁਰਦੁਆਰੇ ਦੇ ਪ੍ਰਬੰਧਕ ਹਾਂ, ਹੈਡ ਗ੍ਰੰਥੀ ਹਾਂ, ਦਰਬਾਰ ਸਾਹਿਬ ਦਾ ਕੀਰਤਨੀਆ ਹਾਂ ਜਾਂ ਅਕਾਲ ਤਖਤ ਦਾ ਜੱਥੇਦਾਰ ਹਾਂ ਅਤੇ ਇਨ੍ਹਾਂ ਕਰਮਾ ਦੇ ਕਰਨ ਨਾਲ ਗੁਰ ਚਰਨਾਂ ਵਿਚ ਨਿਵਾਸ ਮਿਲ ਜਾਏਗਾ ।
ਇਨ੍ਹਾਂ ਉਪਰ ਲਿਖਤ ਧਾਰਮਿਕ ਕਰਮਾਂ ਦੇ ਨਾਲ-ਨਾਲ ਜੇ ਅਸੀਂ ਮਾੜੇ ਕਰਮ ਭੀ ਕਰੀ ਜਾਂਦੇ ਹਾਂ ਤਾਂ ਕੀ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਨਰਕਾਂ ਤੋਂ ਕੋਈ ਨਹੀਂ ਬਚਾ ਸਕਦਾ?
ਕਹਿਣ ਨੂੰ ਕਿਤਨਾ ਆਸਾਨ ਹੈ ਕਿ ਉਸ ਬੱਚੇ ਨੇ ਬਾਰਵੀਂ ਕਲਾਸ ਕਰ ਲਈ ਹੈ। ਇਤਨੀ ਗਲ ਤਾਂ ਕੋਈ ਅਨਪੜ ਵੀ ਕਰ ਲਵੇਗਾ। ਪਰ ਜਿਸ ਬੱਚੇ ਨੇ ਬਾਰਵੀਂ ਕਲਾਸ ਕੀਤੀ ਹੈ ਉਸਨੂੰ ਪੁਛੋ ਤਾਂ ਦਸੇਗਾ ਕਿ ਓਹ ਢਾਈ ਸਾਲ ਦਾ ਪੜਨੇ ਪੈ ਗਿਆ ਸੀ। ਪਹਿਲੇ Play School, LKG, UKG, Nursery ਤੇ ਫਿਰ ਬਾਰਾਂ ਸਾਲ ਬਿਨਾ ਫੇਲ ਹੋਏ ਪੜਾਈ ਕੀਤੀ, ਗਰਮੀ-ਸਰਦੀ, ਬਰਸਾਤਾਂ ਝੇਲਦੇ, ਅੱਧੀ-ਅੱਧੀ ਰਾਤ ਤਕ ਪੜਦੇ, ਕਈ ਤਰ੍ਹਾਂ ਦੀਆਂ ਟਿਉਸ਼ਨਾਂ ਜਾਂਦੇ, ਘਰ ਵਾਲਿਆਂ ਤੇ ਟੀਚਰਾਂ ਦੀਆਂ ਝਿੜਕਾਂ ਸਹਿੰਦੇ, ਭੁਖੇ-ਤਿਹਾਇ, ਯਾਨੀ ਕਈ ਤਰ੍ਹਾਂ ਦੀਆਂ ਦੁਖ-ਤਕਲੀਫਾਂ ਸਹਿੰਦੇ, ਸਰੀਰਕ ਬਿਮਾਰੀਆਂ ਨਾਲ ਲੜਦੇ-ਲੜਦੇ 15 ਸਾਲ ਬਾਦ ਕਿਧਰੇ ਜਾ ਕੇ ਬਾਰਵੀਂ ਪਾਸ ਹੋਈ।
ਹੁਣ ਜੇ ਅਸੀਂ ਦੁਨੀਆਵੀ ਪੜਾਈ ਦੀ ਅਧਿਆਤਮਕ ਪੜਾਈ ਨਾਲ ਤੁਲਨਾ ਕਰੀਏ ਤਾਂ ਪਤਾ ਲਗਦਾ ਹੈ ਕਿ ਜਿਨ੍ਹਾਂ ਨੂੰ ਗੁਰ-ਚਰਨਾਂ ਵਿਚ ਥਾਂ ਮਿਲੀ ਉਹ ਆਪਣੀ ਬਾਣੀ ਵਿਚ ਕੀ ਦਸਦੇ ਹਨ ਕਿ ਉਹਨਾਂ ਨੂੰ ਗੁਰ ਚਰਨਾਂ ਵਿਚ ਨਿਵਾਸ ਲੈਣ ਵਾਸਤੇ ਕਿਤਨੇ-ਕਿਤਨੇ ਪਾਪੜ ਵੇਲਣੇ ਪਏ। ਆਓ ਹੁਣ ਹੇਠ ਲਿਖੀਆਂ ਗੁਰਬਾਣੀ ਦੀਆਂ ਕੁਝ ਪੰਗਤੀਆਂ ਪੜੀਏ, ਸਮਝੀਏ ਅਤੇ ਵਿਚਾਰੀਏ। |
1. ਅਨਿਕ ਜਨਮ ਬਿਛੁਰਤ ਦੁਖੁ ਪਾਇਆ॥ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ॥
ਜਿਨਾਂ ਨੂੰ ਗੁਰ ਚਰਨਾਂ ਵਿਚ ਥਾਂ ਮਿਲੀ ਉਹਨਾਂ ਦੀ ਪਹਿਲੀ ਅਵਸਥਾ ਇਹ ਸੀ ਕਿ ਉਹ ਰੱਬ ਨੂੰ ਤਰਲੇ ਕਰ ਰਹੇ ਸਨ ਕਿ ਹੇ ਰੱਬਾ ਤੇਰੇ ਨਾਲੋ ਵਿਛੁੜਿਆ ਮੈਨੂੰ ਕਈ ਜਨਮ ਹੋ ਗਏ ਹਨ, ਹੁਣ ਮੈਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈ।
ਹੁਣ ਉਪਰਲੀ ਵਿਚਾਰ ਵਿਚੋਂ ਕਈ ਹੋਰ ਗਲਾਂ ਉਘੜ ਕੇ ਸਾਹਮਣੇ ਆਂਦੀਆਂ ਹਨ ਜਿਵੇਂ ਕਿ ਪਹਿਲਾਂ ਤਾਂ ਰਬ ਨਾਲੋਂ ਵਿਛੜੇ ਜੀਅ ਨੂੰ ਇਹ ਗਿਆਨ ਆਇਆ ਕਿ ਉਹ ਰਬ ਨਾਲੋ ਵਿਛੁੜਿਆ ਹੋਇਆ ਹੈ।
ਦੂਸਰੀ ਸਮਝ ਪਈ ਕਿ ਵਿਛੁੜਿਆਂ ਕਈ ਜਨਮ ਹੋ ਗਏ ਹਨ।
ਤੀਸਰਾ, ਉਸ ਦੇ ਅੰਦਰ ਮਿਲਣ ਦੀ ਬੜੀ ਜਬਰਦਸਤ ਇੱਛਾ ਨਜ਼ਰ ਆ ਰਹੀ ਹੈ।
ਚੋਥਾ, ਰਬ ਨੂੰ ਨਿਮਰਤਾ ਸਹਿਤ ਮਿਲਣ ਦੀ ਮੰਗ ਹੈ।
2. ਹਮ ਮੈਲੇ ਤੁਮ ਊਜਲ ਕਰਤੇ॥ ਹਮ ਨਿਰਗੁਨ ਤੂ ਦਾਤਾ॥
ਹੇ ਰੱਬਾ ਮੈਂ ਤਾਂ ਮੈਲਾ (ਗੰਦਾ) ਹਾਂ ਤੇ ਤੁਸੀ ਗੰਦੇ ਨੂੰ ਸਾਫ ਕਰਨ ਵਾਲੇ ਹੋ। ਮੈਂ ਤਾਂ ਗੁਣ ਵਿਹੀਨ, ਭਾਵ ਮੇਰੇ ਵਿਚ ਤਾਂ ਕੋਈ ਗੁਣ ਨਹੀਂ, ਪਰ ਤੁਸੀ ਤਾਂ ਗੁਣ ਦੇਣ ਵਾਲੇ ਦਾਤੇ ਹੋ।
(ਵਿਚਾਰ ਵਿਚੋਂ ਵਿਚਾਰ :- ਆਪਣੇ ਆਪ ਨੂੰ ਗੰਦਾ ਕਹਿਣਾ ਤਾਂ ਬੜਾ ਆਸਾਨ ਲਗਦਾ ਹੈ ਪਰ ਆਪਣੇ ਆਪ ਨੂੰ ਗੰਦਾ ਮਹਿਸੂਸ ਕਰਨਾ ਬਹੁਤ ਮੁਸ਼ਕਲ ਹੈ। ਇਸੇ ਤਰ੍ਹਾਂ ਆਪਣੇ ਆਪ ਨੂੰ ਗੁਣ ਵਿਹੂਨ ਰਸਮੀ ਤੌਰ ਤੇ ਕਹਿਣਾ ਬਹੁਤ ਹੀ ਆਸਾਨ ਹੈ ਪਰ ਦਿਲੋਂ ਮਹਿਸੂਸ ਕਰਕੇ ਕਹਿਣਾ ਬਹੁਤ ਹੀ ਮੁਸ਼ਕਲ ਹੈ।
ਇਸੇ ਤਰ੍ਹਾਂ ਹੋਰ ਪੰਗਤੀਆਂ ਨੂੰ ਜਦੋਂ ਵਿਚਾਰਾਂਗੇ ਤਾਂ ਪਤਾ ਲਗੇਗਾ ਕਿ ਧਰਮ ਦੀ ਦੁਨੀਆਂ ਨੂੰ ਕਮਾਉਣਾ ਵੀ ਕੋਈ ਆਸਾਨ ਕੰਮ ਨਹੀਂ ਹੈ। ਜੇ ਅਸੀਂ ਗੁਰ-ਚਰਨਾਂ ਵਿਚ ਨਿਵਾਸ ਲੈਣ ਦੇ ਚਾਹਵਾਨ ਹਾਂ ਤਾਂ ਸਾਨੂੰ ਪਤਾ ਨਹੀਂ ਕਿਨੀਆਂ ਧਰਮ ਦੀਆਂ ਪਉੜੀਆਂ ਚੜਨੀਆਂ ਪੈਣਗੀਆਂ। ਪਰ ਨਰਕ ਵਾਲਾ ਰਸਤਾ ਤਾਂ ਬਹੁਤ ਹੀ ਆਸਾਨ ਹੈ ਅਤੇ ਮਨਮੁਖਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਇਸੇ ਕਰਕੇ ਗੁਰਬਾਣੀ ਵਿਚ ਕਈ ਵਾਰੀ ਸਾਨੂੰ “ਵਿਰਲਾ” ਸ਼ਬਦ ਪੜ੍ਹਨ ਨੂੰ ਮਿਲਦਾ ਹੈ। ਇਸ ਸੰਸਾਰ ਵਿਚ ਗੁਰਮੁਖਾਂ ਦੀ ਗਿਣਤੀ ਬਹੁਤ ਹੀ ਘਟ ਹੈ, ਜਿਵੇਂ ਕਿ ਗੁਰਬਾਣੀ ਦਸਦੀ ਹੈ:
1. ਗੁਰਮੁਖ ਕੋਈ ਵਿਰਲਾ॥
2. ਹੈਨਿ ਵਿਰਲੇ ਨਾਹੀ ਘਣੇ ਫੈਲ ਪਕੜੁ ਸੰਸਾਰੁ॥
3. ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥
4. ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ॥
5. ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ॥
ਗੁਰਮੁਖ ਰੂਹਾਂ
ਜਿਵੇਂ ਕਿ ਅਸੀਂ ਉਪਰ ਪੜਿਆ ਹੈ “ਕੋਣ ਨਰਕ ਵਿਚ” ਹੁਣ ਅਸੀਂ ਕੋਣ ਗੁਰਚਰਨਾਂ ਵਿਚ ਬਾਰੇ ਗੁਰਬਾਣੀ ਦੀ ਰੋਸ਼ਨੀ ਵਿਚ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ।
ਜਦੋਂ ਕਿਸੇ ਵੀ ਪ੍ਰਾਣੀ ਨੂੰ ਰਬ ਵਾਪਸ ਬੁਲਾਂਦਾ ਹੈ ਉਸਤੋਂ ਬਾਅਦ ਉਸਦੇ ਪਰਵਾਰਕ ਮੈਂਬਰ ਉਸਦਾ ਕਿਰਿਆ ਕਰਮ ਚਲਦੀ ਸਥਾਨਕ ਰੀਤੀ ਅਨੁਸਾਰ ਕਰਦੇ ਹਨ।
ਜਿਵੇਂ ਕੇ ਮੋਟੇ ਤੌਰ ਤੇ ਸਸਕਾਰ ਤੋਂ ਬਾਅਦ ਚੋਥੇ ਦੀ ਰਸਮ, ਫਿਰ ਅੰਗੀਠੇ ਕੀਰਤਪੁਰ ਲੈ ਕੇ ਜਾਣਾ, ਫਿਰ ਅਖੰਡ ਪਾਠ ਘਰ ਕਰਵਾਉਣਾ, ਫਿਰ ਗੁਰਦੁਆਰੇ ਲੈ ਕੇ ਕੀਰਤਨ ਕਰਵਾਉਣਾ, ਰਾਸ਼ਨ, ਬਿਸਤਰੇ, ਭਾਂਡੇ, ਫਲ-ਫਰੂਟ ਆਦਿ ਦੇਣਾ, ਨਕਦ ਦਾਨ-ਪੁੰਨ ਕਰਨਾ, ਅਰਦਾਸ ਹੋਣੀ। ਅਰਦਾਸ ਵਿਚ ਅਰਦਾਸੀਏ ਸਿੰਘ ਦਾ ਇਹ ਕਹਿਣਾ ਕਿ ਅਮੁਕ ਬੰਦੇ ਦਾ ‘ਆਵਾ-ਗਵਨ ਦਾ ਚੱਕਰ ਖਤਮ ਕਰਨਾ”, “ਚੋਰਾਸੀ ਦੇ ਗੇੜ ਤੋਂ ਬਚਾਣਾ”, “ਆਪਣੇ ਚਰਨਾਂ ਵਿਚ ਥਾਂ ਦੇਣੀ” ਆਦਿ ਪਤਾ ਨਹੀਂ ਕਿਤਨਾ ਕੁਝ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਅਰਦਾਸਾਂ ਦੋਨੋ ਵਿਅਕਤੀਆਂ ਭਾਵ ਕਿ ਗੁਰਮੁਖ ਅਤੇ ਮਨਮੁਖ ਵਾਸਤੇ ਕੀਤੀਆਂ ਜਾਂਦੀਆਂ ਹਨ ਜੋ ਕਿ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ।
ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਤੇ ਸਮਝਦੇ ਹਾਂ ਤਾਂ ਸਾਨੂੰ ਜਿਥੇ ਮਨਮੁਖ ਬਾਰੇ ਗੁਰੂ ਸਾਹਿਬਾਨ ਦੇ ਵਿਚਾਰ ਪੜਨ ਨੂੰ ਮਿਲਦੇ ਹਨ ਉਥੇ ਸਾਨੂੰ ਗੁਰਮੁਖ ਰੂਹਾਂ ਬਾਰੇ ਵੀ ਬੜਾ ਕੁਝ ਪੜਨ ਨੂੰ ਮਿਲਦਾ ਹੈ। ਆਓ ਅਸੀਂ ਕੁਝ ਹੇਠ ਲਿਖੀਆਂ ਤੁਕਾਂ ਨੂੰ ਵਿਚਾਰੀਏ।
1. ਕਾਂਖੀ ਏਕੈ ਦਰਸ ਤੁਹਾਰੋ॥ ਨਾਨਕ ਉਨ ਸੰਗਿ ਮੋਹਿ ਉਧਾਰੋ॥
2. ਜਿਸੁ ਜਨ ਕਉ ਪ੍ਰਭ ਦਰਸ ਪਿਆਸਾ॥ ਨਾਨਕ ਤਾ ਕੈ ਬਲਿ ਬਲਿ ਜਾਸਾ॥
3. ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ॥
4. ਸੇ ਮੁਕਤੁ ਸੇ ਮੁਕਤੁ ਭਏ ਜਿਨ मे ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥
5. ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ॥
6. ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਹਿ॥
7. ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
8. ਸੋ ਸੀਸੁ ਭਲਾ ਪਵਿਤੁ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਰੈ ਗੁਰ ਪੈਰੇ ਰਾਮ ||
9. ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ॥ ॥
10. ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ॥
11. ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ॥
12. ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੂਖਾ॥
13. ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ॥
14. ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ॥ (ਭਾਈ ਗੁਰਦਾਸ ਜੀ)
15. ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥
ਉਪਰ ਲਿਖਤ ਪੰਗਤੀਆਂ ਦੀ ਤਰ੍ਹਾਂ ਸੈਂਕੜੇ ਤੁਕਾਂ ਗੁਰਬਾਣੀ ਵਿਚ ਗੁਰਮੁਖਾਂ ਦੀ ਸ਼ਾਨ ਵਿਚ ਗੁਰੂ ਸਾਹਿਬਾਨ ਨੇ ਉਚਾਰਨ ਕੀਤੀਆਂ ਹਨ। ਹੁਣ ਸਾਡੇ ਸੋਚਣ ਵਾਲੀ ਗਲ ਤਾਂ ਇਹ ਹੈ ਕਿ ਜਿਨ੍ਹਾਂ ਗੁਰਮੁਖ ਜਨਾਂ ਦੀ ਸ਼ਾਨ ਵਿਚ ਇਹ ਪੰਗਤੀਆਂ ਉਚਾਰਨ ਹੋਈਆਂ ਹਨ ਕੀ ਉਨ੍ਹਾਂ ਦੇ ਪਰਲੋਕ ਗਮਨ ਤੋਂ ਬਾਦ ਉਨ੍ਹਾਂ ਬਾਰੇ ਇਹ ਕਹਿਣਾ ਕੀ ਉਨ੍ਹਾਂ ਨੂੰ ਆਵਾ-ਗਵਨ ਦਾ ਚੱਕਰ ਖਤਮ ਕਰਨਾ”, “ਚੋਰਾਸੀ ਦੇ ਗੇੜ ਤੋਂ ਬਚਾਣਾ”, “ਆਪਣੇ ਚਰਨਾਂ ਵਿਚ ਥਾਂ ਦੇਣੀ” ਆਦਿ ਕਿਥੋਂ ਤਕ ਉਚਿਤ ਹੈ? ਕੀ ਅਸੀਂ ਅਣਜਾਣੇ ਵਿਚ ਗੁਰੂ ਸਾਹਿਬ ਜੀ ਦਾ ਨਿਰਾਦਰ ਤਾਂ ਨਹੀਂ ਕਰ ਰਹੇ? ਗੁਰੂ ਸਾਹਿਬ ਤਾਂ ਸਾਨੂੰ ਦਸ ਰਹੇ ਹਨ ਕਿ ਜਿਹੜਾ ਅਸਲੀ ਗੁਰਮੁਖ ਹੈ ਉਹ ਤਾਂ ਆਪਣੇ ਜੀਵਨ ਕਾਲ ਮਤਲਬ ਕਿ ਇਸ ਮਾਤਲੋਕ ਦੇ ਜੀਵਨ ਵਿਚ ਹੀ ਗੁਰ-ਚਰਨਾਂ ਵਿਚ ਹੈ ਯਥਾ ਗੁਰਵਾਕ
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ||
ਤੇ ਉਹ ਗੁਰਮੁਖ ਵੀ ਆਪਣੇ ਜੀਵਨ ਵਿਚ ਹੇਠ ਲਿਖੀ ਇਹ ਪੰਗਤੀਆਂ ਬਾਰ-ਬਾਰ ਉਚਾਰਦੇ ਰਹੇ॥
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਾਲੇ॥
ਸੋ ਮੁਕਦੀ ਗਲ ਇਹ ਹੈ ਕਿ ਮੰਨ ਲਵੋ ਕੀ ਜੇ ਅਸੀਂ ਉਪਰ ਲਿਖਤ ਸੰਸਕਾਰਾਂ ਨੂੰ ਉਨ੍ਹਾਂ ਦੇ ਬਾਅਦ ਨਹੀਂ ਕਰਦੇ ਤਾਂ ਕੀ ਉਨ੍ਹਾਂ ਨੂੰ ਗੁਰੂ ਚਰਨਾਂ ਵਿਚ ਥਾਂ ਨਹੀਂ ਮਿਲੇਗੀ?
ਜੇ ਇਸ ਸਵਾਲ ਨੂੰ ਵੀ ਗੁਰ ਇਤਿਹਾਸ ਦੀ ਰੋਸ਼ਨੀ ਵਿਚ ਵਿਚਾਰੀਏ ਤਾਂ ਕੁਝ ਹੋਰ ਹੀ ਨਤੀਜੇ ਸਾਡੇ ਸਾਹਮਣੇ ਆ ਜਾਣਗੇ ਜਿਵੇਂ ਕਿ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਫਿਰ ਛੇਵੇਂ, ਸਤਵੇਂ, ਅਠਵੇਂ, ਨੋਵੇਂ ਤੇ ਦਸਵੇਂ ਗੁਰੂ ਜੀ ਤਕ ਇਹ ਕਦੇ ਨਹੀਂ ਸੁਣਿਆ ਕਿ ਕਦੇ ਅਖੰਡ ਪਾਠ ਹੋਇਆ ਹੋਵੇ। ਤਾਂ ਫਿਰ ਉਸ ਵਕਤ ਜਿਹੜੇ ਗੁਰਸਿਖ ਚੜਾਈ ਕਰ ਗਏ ਤਾਂ ਉਨ੍ਹਾਂ ਦੇ ਪਿੱਛੇ ਅਖੰਡ ਪਾਠ ਤਾਂ ਹੋਇਆ ਹੀ ਨਹੀਂ ਫਿਰ ਉਨ੍ਹਾਂ ਨੂੰ ਚਰਨਾਂ ਵਿਚ ਕਿਵੇਂ ਥਾਂ ਮਿਲੀ ਹੋਵੇਗੀ? ਦੂਸਰਾ ਛੇਵੇਂ ਗੁਰੂ ਤੇ ਦਸਵੇਂ ਗੁਰੂ ਜੀ ਨੇ ਜੰਗਾਂ ਲੜੀਆਂ ਹਜਾਰਾਂ ਸਿੰਘ ਸ਼ਹੀਦ ਹੋ ਗਏ। ਦਸਵੇਂ ਗੁਰੂ ਜੀ ਤੋਂ ਬਾਦ ਵੀ ਜੰਗਾਂ ਜਾਰੀ ਰਹੀਆਂ ਛੋਟੇ ਤੇ ਵਡੇ ਘਲੂਘਾਰਿਆਂ ਵਿਚ ਹਜਾਰਾਂ ਦੀ ਗਿਣਤੀ ਵਿਚ ਸਿੰਘ, ਬੀਬੀਆਂ ਅਤੇ ਬੱਚੇ ਸ਼ਹੀਦੀਆਂ ਪਾ ਗਏ। ਬਚੇ ਹੋਏ ਸਿੰਘਾਂ ਨੂੰ ਆਪਣੀ ਜਾਣ ਬਚਾਣੀ ਮੁਸ਼ਕਲ ਹੋਈ ਪਈ ਸੀ, ਤੇ ਸ਼ਹੀਦਾਂ ਦੇ ਸਸਕਾਰ ਵੀ ਨਹੀਂ ਹੋ ਪਾਏ ਬਾਕੀ ਦੇ ਕਿਰਿਆ ਕਰਮਾਂ ਦੀ ਤਾਂ ਗੱਲ ਹੀ ਛਡ ਦਿਓ। ਤਾਂ ਫਿਰ ਸਾਡੀ ਅਜ ਦੀ ਪਰਚਲਤ ਸੋਚ ਦੇ ਮੁਤਾਬਿਕ ਤਾਂ ਉਨ੍ਹਾਂ ਸ਼ਹੀਦਾਂ ਨੂੰ ਤਾਂ ਮੁਕਤੀ ਮਿਲ ਹੀ ਨਹੀਂ ਸਕਦੀ। ਸੋ ਕੀ ਸਾਨੂੰ ਸਾਰਿਆਂ ਨੂੰ ਇਨ੍ਹਾਂ ਪੱਖਾਂ ਨੂੰ ਵੀ ਨਹੀਂ ਵਿਚਾਰਨਾ ਚਾਹੀਦਾ?
ਜਦੋਂ ਅਸੀਂ ਉਪਰ ਲਿਖਤ ਗੱਲਾਂ ਨੂੰ ਵਿਚਾਰਾਂਗੇ ਤਾਂ ਸਾਡੇ ਮਨਾਂ ਵਿਚ ਸੁਭਾਵਕ ਹੀ ਇਹ ਹੇਠ ਲਿਖਿਆ ਪ੍ਰਸ਼ਨ ਉਠੇਗਾ। ਕਿ ਫਿਰ ਇਹ ਕੀਰਤਨ, ਪਾਠ, ਅਰਦਾਸਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਗੁਰਬਾਣੀ ਨੂੰ ਵਿਚਾਰ ਕੇ ਪੜਨ ਨਾਲ ਹੀ ਮਨੁਖ ਦੇ ਭਰਮ, ਸੰਸੇ ਦੂਰ ਹੁੰਦੇ ਹਨ। ਇਨ੍ਹਾਂ ਭਰਮਾਂ ਸੰਸਿਆਂ ਨੂੰ ਦੂਰ ਕਰਨ ਲਈ ਹੀ ਗੁਰੂ ਸਾਹਿਬ ਜੀ ਨੇ ਸਿੱਖ ਸੰਗਤ ਨੂੰ ਹੇਠ ਲਿਖੇ ਸੁਝਾਵ ਦਿਤੇ ਹਨ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਜਿਨ੍ਹਾਂ ਜਿਨ੍ਹਾਂ ਨੇ ਇਸ ਸਚੀ ਬਾਣੀ ਨੂੰ ਧਿਆਨ ਨਾਲ ਪੜਿਆ, ਸੁਣਿਆ ਉਨ੍ਹਾਂ ਦੇ ਭਰਮ-ਭੁਲੇਖੇ ਹੋਲੀ-ਹੋਲੀ ਘਟਦੇ ਗਏ ਤੇ ਅਖੀਰ ਤੇ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਨੂੰ ਉਨ੍ਹਾਂ ਨੇ ਦਿਲੋਂ ਗਾਉਣਾ ਸ਼ੁਰੂ ਕਰ ਦਿਤਾ।
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥
ਇਸ ਤੋਂ ਪਹਿਲਾਂ ਉਨ੍ਹਾਂ ਨੇ ਭਗਵੰਤ ਅਗੇ ਅਰਦਾਸਾਂ ਵੀ ਕੀਤੀਆਂ ‘’ਹੇ ਵਾਹਿਗੁਰੂ ਜੀ ਸਾਨੂੰ ਚੰਗੀ ਬੁਧੀ ਦਿਓ ਤਾਂਕਿ ਅਸੀਂ ਤੁਹਾਡਾ ਜੱਸ ਗਾ ਸਕੀਏ ‘’।
ਸੋ, ਅਸੀਂ ਕਿਸੇ ਵੀ ਰੂਪ ਵਿਚ ਬਾਣੀ ਤਾਂ ਪੜਨੀ ਹੀ ਹੈ ਜਿਵੇਂ ਕਿ ਨਿਤਨੇਮ ਕਰਕੇ ਸਹਿਜ-ਪਾਠ, ਅਖੰਡ ਪਾਠ ਅਥਵਾ ਕੀਰਤਨ ਕਰਕੇ ਯਾ ਸੁਣ ਕੇ ਆਦਿ ਅਰਦਾਸਾਂ ਵੀ ਆਪਣੇ ਵਾਸਤੇ ਕਰਨੀਆਂ ਹਨ ਕਿਉਂਕੀ ਗੁਰਬਾਣੀ ਸਾਨੂੰ ਸਮਝਾਂਦੀ ਹੈ ਕਿ
“ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥
ਇਹ ਸਾਰੇ ਉਪਰਾਲੇ ਰਬ ਨਾਲ ਸਾਂਝ ਪਾਣ ਲਈ ਓਦੋਂ ਤਕ ਬਹੁਤ ਹੀ ਜਰੂਰੀ ਹਨ ਜਦੋਂ ਤਕ ਅਸੀਂ ਖੁਦ ਆਪਣੇ ਜੀਵਨ ਕਾਲ ਵਿਚ ਰੱਬ ਨਾਲ ਇਕ-ਮਿਕ ਨਹੀਂ ਹੋ ਜਾਂਦੇ।
ਉਹ ਗੁਰਮੁਖ ਰੂਹਾਂ, ਜਿਨਾਂ ਦੇ ਬਾਰੇ ਗੁਰੂ ਸਾਹਿਬਾਨ ਨੇ ਉਪਰ ਲਿਖਤ ਪੰਗਤੀਆਂ ਉਚਾਰਨ ਕੀਤੀਆਂ ਹਨ ਉਨ੍ਹਾਂ ਨਮਿਤ ਅਰਦਾਸ ਵਿਚ ਅਰਦਾਸੀਏ ਸਿੰਘ ਵਲੋਂ ਇਹ ਕਹਿਣਾ ਕਿ ਉਸਦਾ ‘ਆਵਾ-ਗਵਨ ਦਾ ਚੱਕਰ ਖਤਮ ਕਰਨਾ”, “ਚੋਰਾਸੀ ਦੇ ਗੇੜ ਤੋਂ ਬਚਾਣਾ”, “ਆਪਣੇ ਚਰਨਾਂ ਵਿਚ ਥਾਂ ਦੇਣੀ” ਆਦਿ ਕਹਿਣ ਦੀ ਬਜਾਇ ਕੀ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ‘ਹੇ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਉਸ ਗੁਰਮੁਖ ਰੂਹ ਵਾਂਗ ਜੀਵਨ ਜੀਣ ਦਾ ਚਾਹ ਬਖਸ਼ੋ ਤਾਂ ਕਿ ਅਸੀਂ ਵੀ ਆਪਣਾ ਰਹਿੰਦਾ ਜੀਵਨ ਗੁਰਮਤਿ ਕਮਾਈ ਕਰਕੇ, ਜੀਵਨ ਦਾ ਲਾਹਾ ਲੈ ਕੇ ਆਪਦੇ ਚਰਨਾਂ ਦਾ, ਅਸੀਂ ਆਪਣੇ ਜੀਵਨ ਕਾਲ ਵਿਚ ਹੀ ਅਨੰਦ ਮਾਣ ਸਕੀਏ।
ਹੇ ਮਹਾਰਾਜ “ਹਮਾਰੇ ਇਹ ਕਿਰਪਾ ਕੀਜੈ॥
ਥੁਹਾਡੀ ਕਿਰਪਾ ਕੀਤੇ ਬਿਨਾਂ ਅਸੀਂ ਇਹ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ ਆਦਿ। ਸੋ, ਮਿਲ-ਬੈਠ ਕੇ ਵਿਚਾਰ ਕਰੀਏ ਕਿ ਸਾਨੂੰ ਗੁਰਮੁਖਾਂ ਨਮਿਤ ਅਰਦਾਸ ਵਿਚ ਕਿਸ ਤਰ੍ਹਾਂ ਵਾਹਿਗੁਰੂ ਅੱਗੇ ਬੇਨਤੀਆਂ ਕਰਨੀਆਂ ਹਨ।
ਭੁਲਾਂ ਚੁਕਾਂ ਦੀ ਖਿਮਾ ਮੰਗਦੇ ਹਾਂ ਜੀ।