ਜਿਸ ਸੰਸਾਰ ਵਿਚ ਅਸੀਂ ਰਹਿੰਦੇ ਹਾਂ ਇਸ ਨੂੰ ਮਾਤਲੋਕ ਕਹਿੰਦੇ ਹਨ। ਇਸ ਮਾਤਲੋਕ ਵਿਚ ਕਈ ਦੇਸ਼ ਹਨ। ਹਰੇਕ ਦੇਸ਼ ਵਿਚ ਅਪਣੀ-ਅਪਣੀ ਸਰਕਾਰ ਹੁੰਦੀ ਹੈ। ਸਾਡੇ ਵੇਖਦਿਆਂ-ਵੇਖਦਿਆਂ ਹਰੇਕ ਦੇਸ਼ ਵਿਚ ਕਈ ਵਾਰੀ ਸਰਕਾਰਾਂ ਬਦਲ ਚੁਕੀਆਂ ਹਨ। ਹਰੇਕ ਨਵੀਂ ਸਰਕਾਰ ਆਪਣੇ ਦੇਸ਼ ਵਿਚ ਕੁਝ ਨਵੇਂ ਕਾਨੂੰਨ ਬਣਾਂਦੀ ਹੈ ਜਾਂ ਕੁਝ ਕਾਨੂੰਨਾਂ ਵਿਚ ਬਦਲਾਵ ਕਰਦੀ ਹੈ।
ਹਰੇਕ ਦੇਸ਼ ਵਿਚ ਜਿਥੇ ਚੰਗੇ ਬੰਦੇ ਹੁੰਦੇ ਹਨ ਉਥੇ ਬਦਮਾਸ਼, ਚੋਰ, ਲੁਟੇਰੇ, ਡਕੈਤ, ਅਪਰਾਧੀ, ਵਿਭਚਾਰੀ ਅਤੇ ਪਤਾ ਨਹੀਂ ਹੋਰ ਕਈ ਤਰਾਂ ਦੇ ਲੋਕ ਵੀ ਹੁੰਦੇ ਹਨ। ਇਨ੍ਹਾਂ ਸਾਰਿਆਂ ਵਾਸਤੇ ਕਾਨੂੰਨ ਵੀ ਵਖ-ਵਖ ਹੁੰਦੇ ਹਨ। ਜਿਥੇ ਚੰਗਿਆ ਬੰਦਿਆਂ ਨੂੰ ਸਰਕਾਰਾਂ ਸਨਮਾਨਿਤ ਕਰਦੀਆਂ ਹਨ ਓਥੇ ਅਪਰਾਧੀਆਂ ਨੂੰ ਕਾਨੂੰਨ ਦੀ ਧਾਰਾ ਅਨੁਸਾਰ ਸਜਾ ਦਿੱਤੀ ਜਾਂਦੀ ਹੈ। ਜਦੋਂ ਕਿਸੇ ਭੈੜੇ ਬੰਦੇ ਨੂੰ ਥਾਣੇ ਵਿਚ ਲਿਜਾਇਆ ਜਾਂਦਾ ਹੈ ਤਾਂ ਉਸ ਵਕਤ ਥਾਣੇਦਾਰ ਬੰਦੇ ਦੁਆਰਾ ਕੀਤੇ ਮਾੜੇ ਕੰਮ ਅਨੁਸਾਰ ਉਸ ਤੇ ਧਾਰਾ ਲਗਾਉਂਦਾ ਹੈ ਤੇ ਫਿਰ ਕਚੈਹਰੀ ਵਿਚ ਪੇਸ਼ ਕਰਦਾ ਹੈ ਤੇ ਜਜ ਨੂੰ ਦਸਿਆ ਜਾਂਦਾ ਹੈ ਕਿ ਇਸ ਬੰਦੇ ਨੇ ਇਹ ਗੁਨਾਹ ਕੀਤਾ ਹੈ ਤੇ ਕਾਨੂੰਨ ਦੀ ਕਿਤਾਬ ਅਨੁਸਾਰ ਇਸ ਤੇ ਇਹ ਧਾਰਾ ਲਾਗੂ ਹੁੰਦੀ ਹੈ। ਫਿਰ ਜਜ ਉਸ ਮਾਮਲੇ ਨੂੰ ਵਿਚਾਰ ਕੇ ਉਸ ਨੂੰ ਸਜਾ ਦਿੰਦਾ ਹੈ। ਕਿਸੇ ਨੂੰ ਕੁਝ ਦਿਨ, ਮਹੀਨੇ, ਸਾਲ ਯਾ ਜਿੰਦਗੀ ਭਰ ਦੀ ਜੇਲ, ਕਿਸੇ ਨੂੰ ਮੋਤ ਦੀ ਸਜਾ, ਕਿਸੇ ਨੂੰ ਇਨ੍ਹਾਂ ਸਜਾਵਾਂ ਤੋਂ ਇਲਾਵਾ ਨਕਦ ਜੁਰਮਾਨਾ ਵੀ ਭਰਨ ਕਿਹਾ ਜਾਂਦਾ ਹੈ। ਭਾਵੇਂ ਇਹ ਸਾਰੇ ਕਾਨੂੰਨ ਬਣੇ ਹੋਏ ਹਨ ਤੇ ਲੋਕਾਂ ਨੂੰ ਸਜਾਵਾਂ ਵੀ ਹੁੰਦੀਆਂ ਹਨ, ਪਰ ਫਿਰ ਵੀ ਲੋਕ ਗੁਨਾਹ, ਅਪਰਾਧ, ਚੋਰੀ-ਡਕੈਤੀ, ਲੁਟ-ਖਸੁਟ ਆਦਿ ਕਰੀ ਜਾਂਦੇ ਹਨ।
ਹੁਣ ਅਸੀਂ ਤੁਹਾਡਾ ਧਿਆਨ ਦੂਜੇ ਪਾਸੇ ਲਿਜਾਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਮਾਤਲੋਕ ਦੀਆਂ ਸਰਕਾਰਾਂ ਨੇ ਕਾਨੂੰਨ ਬਣਾਏ ਹੋਏ ਹਨ ਉਸੀ ਤਰ੍ਹਾਂ ਪਰਲੋਕ ਦੀ ਸੱਚੀ ਸਰਕਾਰ ਦੇ ਵੀ ਕਾਨੂੰਨ ਬਣੇ ਹੋਏ ਹਨ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਚ ਜੀ ਵਿਚੋਂ ਮਿਲਦੀ ਹੈ ਪਰ ਇਨ੍ਹਾਂ ਦੀ ਪਰਵਾਹ ਯਾ ਡਰ ਕਿਸੇ ਵਿਰਲੇ ਵਡਭਾਗੀ ਨੂੰ ਹੀ ਹੁੰਦਾ ਹੈ। ਜਦਕਿ ਦਿਸਦੇ ਸੰਸਾਰ ਦੇ ਕਾਨੂੰਨ ਨੂੰ ਕਈ ਲੋਕ ਭਾਵੇਂ ਨਹੀਂ ਮੰਨਦੇ ਅਤੇ ਗੁਨਾਹ ਕਰ ਕੇ ਸਜਾਵਾਂ ਵੀ ਭੁਗਤਦੇ ਹਨ, ਪਰ ਜਿਸ ਅਣਡਿੱਠੇ ਪਰਲੋਕ ਨੂੰ ਅਸੀਂ ਦੇਖਿਆ ਹੀ ਨਹੀਂ ਉਸ ਦਾ ਡਰ ਸਾਡੇ ਮਨ ਵਿਚ ਕਿਵੇਂ ਹੋਵੇਗਾ? ਇਸ ਲਈ ਪਾਠਪੂਜਾ ਕਰਨ ਵਾਲੇ ਬੰਦੇ ਵੀ ਕਈ ਗੁਨਾਹ ਕਰਦੇ ਵੇਖੇ ਜਾ ਸਕਦੇ ਹਨ।
ਆਓ ਹੁਣ ਅਸੀਂ ਧਾਰਮਿਕ ਦਿਖਣ ਵਾਲੇ ਉਨ੍ਹਾਂ ਬੰਦਿਆਂ ਦੁਆਰਾ ਆਪਣੇ ਜੀਵਨ ਕਾਲ ਵਿਚ ਕੀਤੀਆਂ ਗਈਆਂ ਗਲਤੀਆਂ ਦੀਆਂ ਮਰਨ ਤੋਂ ਬਾਅਦ ਕੀ-ਕੀ ਸਜਾਵਾਂ ਗੁਰੂ ਗ੍ਰੰਥ ਸਾਹਿਬ ਜੀ ਦਸਦੇ ਹਨ, ਹੇਠ ਲਿਖੀਆਂ ਪੰਗਤੀਆਂ ਪੜ ਕੇ ਸਮਝਣ ਦਾ ਜਤਨ ਕਰੀਏ:
1. ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥ ਮੂੰਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥
2. ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥
3. ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ॥
4. ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ॥
5. ਸ੍ਰੀ ਰਾਮ ਨਾਮਾ ਉਚਰੁ ਮਨਾ॥
ਆਗੈ ਜਮ ਦਲੁ ਬਿਖਮੁ ਘਨਾ॥
6. ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥
7. ਕਹੁ ਕਬੀਰ ਤਬ ਹੀ ਨਰੁ ਜਾਗੈ॥
ਜਮ ਕਾ ਡੰਡ ਮੂੰਡ ਮਹਿ ਲਾਗੈ ॥
8. ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥
9. ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ॥
10. ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥
11. ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥
12. ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ॥
13. ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
14. ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ॥
15. ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥
16. ਜੇ ਤਿਸੁ ਨਦਰਿ ਨ ਆਵਈ ਤਾ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
17. ਪੜਿਆ ਅਤੇ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹ ਚਲੈ ਸੁ ਅਗੈ ਮਾਰੀਐ ॥
18. ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਮਮਾਲਿਆ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ॥
19. ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥
20. ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥
21. ਹਰਿ ਹਰਿ ਕਰਹਿ ਨਿਤ ਕਪਟਿ ਕਮਾਵਹਿ ਹਿਰਦਾ ਸੁਧੁ ਨ ਹੋਈ॥
ਅਨਦਿਨ ਕਰਮ ਕਰਹਿ ਬਹੁਤੇਰੇ ਸੁਪਨੇ ਸੁਖ ਨ ਹੋਈ॥
22. ਆਪਸ ਕਉ ਕਰਮਵੰਤ ਕਹਾਵੈ॥
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥
23. ਪਾਪ ਕਰਹਿ ਪੰਚਾਂ ਕੇ ਬਸਿ ਰੇ॥
ਤੀਰਥਿ ਨਾਇ ਕਹਹਿ ਸਭਿ ਉਤਰੇ॥
ਬਹੁਰਿ ਕਮਾਵਹਿ ਹੋਇ ਨਿਸੰਕ ॥
ਜਮ ਪੁਰਿ ਬਾਂਧਿ ਖਰੇ ਕਾਲੰਕ॥
ਧਾਰਮਿਕ ਬੰਦੇ ਕੌਣ?
ਆਓ ਹੁਣ ਕੁਝ ਹੋਰ ਵਿਚਾਰ ਕਰੀਏ ਕਿ ਸਾਡੇ ਵਿਚਾਰ ਵਿਚ ਧਾਰਮਿਕ ਬੰਦੇ ਕੋਣ ਹੁੰਦੇ ਹਨ ਤੇ ਗੁਰੂ ਜੀ ਦੀ ਨਿਗਾਹ ਵਿਚ ਕੋਣ ਹੁੰਦੇ ਹਨ।
ਹੁਣ ਅਸੀਂ ਪਹਿਲੇ ਉਨ੍ਹਾਂ ਬੰਦਿਆਂ ਦੀ ਵਿਚਾਰ ਕਰਾਂਗੇ ਜਿਹੜੇ ਸਾਡੀ ਨਿਗਾਹ ਵਿਚ ਧਾਰਮਿਕ ਹੁੰਦੇ ਹਨ। ਸਾਡੀ ਨਜ਼ਰ ਵਿਚ ਜਿਹੜੇ ਧਾਰਮਿਕ ਹੁੰਦੇ ਹਨ ਓਹ ਹਰ ਰੋਜ ਗੁਰਦੁਆਰੇ ਜਾਂਦੇ ਹਨ, ਸਵੇਰੇ ਅੰਧੇਰੇ ਵੇਲੇ ਉਠ ਕੇ ਇਸ਼ਨਾਨ ਤੋਂ ਬਾਅਦ ਨਿਤਨੇਮ ਕਰਦੇ ਹਨ ਫਿਰ ਸਤਿਸੰਗਤ ਕਰਦੇ ਹਨ, ਸਾਰੇ ਗੁਰੂ ਸਾਹਿਬਾਨ ਦੇ ਪੁਰਬ ਮਨਾਂਦੇ ਹਨ, ਕੱਥਾ-ਕੀਰਤਨ ਕਰਦੇ ਯਾ ਸੁਣਦੇ ਹਨ, ਪੁੰਨ-ਦਾਨ ਕਰਦੇ ਹਨ, ਗੁਰਧਾਮਾਂ ਦੀ ਯਾਤਰਾ ਕਰਦੇ ਹਨ, ਕਈ-ਕਈ ਬਾਣੀਆਂ ਦਾ ਪਾਠ ਜ਼ੁਬਾਨੀ ਕਰਦੇ ਹਨ, ਅੰਮ੍ਰਿਤਪਾਨ ਕਰਦੇ ਹਨ, ਧਾਰਮਿਕ ਲਿਬਾਸ ਪਹਿਨਦੇ ਹਨ, ਲੰਬੀਆਂ-ਲੰਬੀਆਂ ਅਰਦਾਸਾਂ ਵੀ ਕਰਦੇ ਹਨ, ਕਈ ਤਰ੍ਹਾਂ ਦੇ ਹੋਰ ਧਾਰਮਿਕ ਕਰਮ ਕਰਦੇ ਹਨ ਆਦਿ। ਅਸੀਂ ਪਹਿਲੀ ਨਿਗਾਹ ਵਿਚ ਉਨ੍ਹਾਂ ਨੂੰ ਧਾਰਮਿਕ ਸਮਝ ਲੈਂਦੇ ਹਾਂ।
ਗੁਰੂ ਦੀ ਨਜ਼ਰ ਵਿਚ ਕਿਹੜੇ ਬੰਦੇ ਧਾਰਮਿਕ ਹੁੰਦੇ ਹਨ?
ਜੇਕਰ ਸਾਡੇ ਵਾਂਗ ਗੁਰੂ ਵੀ ਉਨ੍ਹਾਂ ਨੂੰ ਧਾਰਮਿਕ ਬੰਦੇ ਸਮਝਦੇ ਤਾਂ ਇਹ ਉਪਰ ਲਿਖਤ ਗੁਰਬਾਣੀ ਦੀਆਂ ਇਹ ਬਹੁਤ ਹੀ ਸਖਤ ਪੰਗਤੀਆਂ ਨ ਉਚਾਰਦੇ। ਤਾਂ ਫਿਰ ਗੁਰੂ ਜੀ ਨੇ ਇਹ ਸਖਤ ਪੰਗਤੀਆਂ ਧਾਰਮਿਕ ਬੰਦਿਆਂ ਲਈ ਹੀ ਕਿਉਂ ਉਚਾਰਨ ਕੀਤੀਆਂ? ਕਿਉਂਕੀ ਗੁਰੂ ਸਾਹਿਬਾਨ ਅੰਤਰਜਾਮੀ ਸਨ ਤੇ ਓਹ ਹਰ ਇਕ ਬੰਦੇ ਦੀ ਦਿਲ ਦੀ ਜਾਣਦੇ ਸਨ। ਤੇ ਉਨ੍ਹਾਂ ਨੂੰ ਐਸੇ ਧਾਰਮਿਕ ਬੰਦਿਆਂ ਦੇ ਉਪਰਲੇ ਧਾਰਮਿਕ ਕੰਮਾਂ ਦੇ ਨਾਲ-ਨਾਲ ਕਈ ਹੋਰ ਗੁਨਾਹ ਵੀ ਨਜ਼ਰ ਆਏ। ਜਿਵੇਂ ਕਿ ਇਹ ਧਾਰਮਿਕ ਬੰਦੇ ਝੂਠ ਬੋਲਦੇ ਹਨ, ਪਰਾਈ ਉਸਤਤ ਤੇ ਨਿੰਦਾ ਵੀ ਕਰਦੇ ਹਨ, ਇਹ ਸਾਰੇ ਧਾਰਮਿਕ ਕਰਮ ਵੀ ਉਹ ਆਪਣੀ ਉਸਤਤ ਕਰਾਣ ਲਈ ਯਾ ਆਪਣੀ ਰੋਜੀ-ਰੋਟੀ ਲਈ ਹੀ ਕਰਦੇ ਹਨ, ਪਾਖੰਡ ਕਰਦੇ ਹਨ, ਲੋਕਾਂ ਨੂੰ ਬੁੱਧੂ ਬਣਾਂਦੇ ਹਨ, ਧਾਰਮਿਕ ਅਸਥਾਨਾਂ, ਸੋਸਾਇਟੀਆਂ ਦੇ ਪ੍ਰਬੰਧਕ ਬਣਨ ਲਈ ਯਾ ਲੀਡਰ ਬਣਨ ਲਈ, ਆਪਣੀ ਹਉਮੈਂ ਨੂੰ ਵਧਾਉਣ ਲਈ, ਮਨ ਨੂੰ ਲਗੀ ਮੈਲ ਨੂੰ ਘਟਾਣ ਦੀ ਬਜਾਇ ਵਧਾਂਦੇ ਹਨ, ਰੱਬ ਤੋਂ ਮੰਗਣ ਦੀ ਬਜਾਇ ਦੁਨਿਆਵੀ ਧਨਾਡਾਂ ਤੋਂ ਮੰਗਦੇ-ਫਿਰਦੇ ਹਨ, ਇਹ ਧਾਰਮਿਕ ਬੰਦੇ ਰਿਸ਼ਵਤ ਲੈ ਕੇ ਇਨਸਾਫ ਕਰਦੇ ਹਨ ਆਦਿਕ ਗੁਨਾਹ ਵੀ ਗੁਰੂ ਜੀ ਨੂੰ ਨਜ਼ਰ ਆਏ ।
ਇਸ ਤਰ੍ਹਾਂ ਦੇ ਕਈ ਹੋਰ ਕੰਮ ਜੋ ਧਰਮ ਦੀ ਦੁਨੀਆਂ ਵਿਚ ਗੁਨਾਹ ਮੰਨੇ ਜਾਂਦੇ ਹਨ। ਗੁਨਾਹ ਕਰਨ ਵਾਲਾ ਗੁਨਹਗਾਰ ਹੁੰਦਾ ਹੈ ਤੇ ਗੁਨਹਗਾਰ ਬੰਦਾ ਕਦੀ ਧਾਰਮਿਕ ਨਹੀਂ ਹੋ ਸਕਦਾ। ਸੋ ਸਾਡੀ ਨਿਗਾਹ ਤੇ ਗੁਰੂ ਦੀ ਨਿਗਾਹ ਵਿਚ ਦਿਨ-ਰਾਤ ਦਾ ਵੱਡਾ ਫਰਕ ਹੈ। ਇਸੇ ਲਈ ਹੀ ਗੁਰੂ ਸਾਹਿਬਾਨ ਨੇ ਅਜਿਹੇ ਬੰਦਿਆਂ ਲਈ ਇਹ ਸਖਤ ਹੈ ਸ਼ਬਦਾਵਲੀ ਵਾਲੀਆਂ ਪੰਗਤੀਆਂ ਉਚਾਰਨ ਕੀਤੀਆਂ ਹਨ।
ਸੋ ਜਿਨ੍ਹਾਂ ਅਜਿਹੇ ਧਾਰਮਿਕ ਬੰਦਿਆਂ ਲਈ ਗੁਰੂ ਸਾਹਿਬਾਨ ਨੂੰ ਉਪਰ ਲਿਖਤ ਸਖਤ ਸ਼ਬਦਾਵਲੀ ਵਾਲੀਆਂ ਪੰਗਤੀਆਂ ਉਚਾਰਨ ਕਰਨੀਆਂ ਪਈਆਂ ਕੀ ਉਨ੍ਹਾਂ ਦੇ ਪਰਲੋਕ ਗਮਨ ਤੇ ਉਨ੍ਹਾਂ ਨੂੰ ਚਰਨਾਂ ਵਿਚ ਥਾਂ ਮਿਲੇਗੀ? ਇਹ ਹੀ ਸਾਡੇ ਸਭ ਦਾ ਸੋਚਨ ਦਾ ਵਿਸ਼ਾ ਹੈ।