ਇਸ ਨਾਸ਼ਵੰਤ ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਗ ਰਹਿੰਦੇ ਹਨ ਜਿਵੇ ਅਮੀਰ ਅਤੇ ਗਰੀਬ, ਪੜੇ-ਲਿਖੇ ਅਤੇ ਅਨਪੜ, ਬੀਮਾਰ ਅਤੇ ਤੰਦਰੁਸਤ, ਇਸੀ ਤਰ੍ਹਾਂ ਚੰਗੇ ਤੇ ਮਾੜੇ। ਪਰਮਾਤਮਾ ਦੇ ਨਿਯਮ ਮੁਤਾਬਕ ਅੱਛੇ ਲੋਕ ਸਵਰਗ ਵਿਚ ਜਾਂਦੇ ਹਨ ਜਦਕਿ ਭੈੜੇ ਲੋਕਾਂ ਨੂੰ ਨਰਕ ਵਿਚ ਜਾਣਾ ਪੈਂਦਾ ਹੈ। ਇਸ ਤਰ੍ਹਾਂ ਹੀ ਜੇਕਰ ਮੈਂ ਅਪਣੇ ਜੀਵਨ-ਕਾਲ ‘ਚ ਮਾੜੇ ਕੰਮ ਕਰਦਾ ਹਾਂ ਤਾਂ ਮੈਨੂੰ ਨਰਕ ਵਿਚ ਜਰੂਰ ਜਾਣਾ ਪਵੇਗਾ। ਜੇਕਰ ਤੁਸੀ ਆਪਣੇ ਜੀਵਨ-ਕਾਲ ਵਿਚ ਚੰਗੇ ਕੰਮ ਕਰੋਗੇ ਤਾਂ ਤੁਸੀ ਸਵਰਗ ਵਿਚ ਹੀ ਜਾਓਗੇ।
ਇਸੀ ਤਰ੍ਹਾਂ ਦੇ ਕੁਝ ਕੰਮ ਜੋ ਤੁਸੀ ਕਿਸੀ ਪ੍ਰਾਣੀ ਦੇ ਮਰਣ ਤੋਂ ਬਾਅਦ ਅੱਛੇ ਸਮਝ ਕੇ ਕਰਦੇ ਹੋ ਉਹ ਕੰਮ ਮੈਂ ਅਪਣੇ ਮਰਣ ਤੋਂ ਬਾਅਦ ਨ ਕਰਨ ਲਈ ਆਪਣੇ ਪ੍ਰਵਾਰ ਨੂੰ ਲਿਖਿਤ ਰੂਪ ‘ਚ ਸੰਦੇਸ਼ ਦੇ ਦਿਤਾ ਹੈ ਅਤੇ ਨਾਲ ਹੀ ਸਮਾਜ ਨੂੰ ਵੀ ਇਸ ਕੰਮ ਨੂੰ ਕਰਨ ਲਈ ਪ੍ਰੇਰਿਤ ਕਰਦਾ ਹਾਂ। ਤਾਂ ਫਿਰ ਮੈਂ ਤੁਹਾਡੇ ਹਿਸਾਬ ਨਾਲ ਨਰਕ ਵਿਚ ਹੀ ਜਾਵਾਂਗਾ। ਉਹ ਸਾਰੇ ਕੰਮ ਹੇਠ ਲਿਖੇ ਹਨ:
1. ਮੇਰੇ ਮਰਨ ਤੇ ਰੋਣਾ ਨਹੀਂ।
2. ਜੇਕਰ ਮੇਰੇ ਸਵਾਸ ਪਲੰਘ ਤੇ ਨਿਕਲ ਜਾਣ ਤਾਂ ਮੈਨੂੰ ਜ਼ਮੀਨ ਤੇ ਨ ਉਤਾਰਨਾ।
3. ਡਾਕਟਰ ਦੀ ਸਲਾਹ ਨਾਲ ਮੇਰੇ ਸ਼ਰੀਰ ਦੇ ਜਿਹੜੇ ਅੰਗ ਜੋ ਜਰੂਰਤਮੰਦਾਂ ਦੇ ਕੰਮ ਆ ਸਕਣ ਦੇ ਦੇਨਾ।
4. ਅਗਰ ਮੇਰੇ ਪ੍ਰਾਣ, ਮੇਰੇ ਇਸ਼ਨਾਨ ਕਰਣ ਤੋਂ ਬਾਅਦ ਨਿਕਲਣ ਅਤੇ ਮੇਰਾ ਸ਼ਰੀਰ ਗੰਦਗੀ ਨਾਲ ਨ ਭਰਿਆ ਹੋਵੇ ਤਾਂ ਮੈਨੂੰ ਦੁਬਾਰਾ ਇਸ਼ਨਾਨ ਨ ਕਰਵਾਣਾ। ਮੈਨੂੰ ਨਵੇਂ ਕਪੜੇ ਨ ਪਾਏ ਜਾਣ। ਰਿਸ਼ਤੇਦਾਰਾਂ ਵਲੋਂ ਦੁਸ਼ਾਲੇ ਨ ਚੜਾਏ ਜਾਣ।
5. ਮੇਰੇ ਪੁਤਰ, ਨੂੰਹ, ਪੋਤਰੇ ਕੋਈ ਵੀ ਮੈਨੂੰ ਮੱਥਾ ਨਾ ਟੇਕਣ।
6. ਸ਼ਮਸ਼ਾਨ ਭੂਮੀ ਤੇ ਜਾਣ ਵਕਤ ਘੜਾ ਨਹੀਂ ਭੰਨਣਾ, ਚਵਰ ਨਹੀਂ ਕਰਨਾ।
7. ਸ਼ਮਸ਼ਾਨ ਭੂਮੀ ਤੇ ਅਗਨੀ ਦੇਂਦੇ ਸਮੇਂ ਘਿਉ, ਸਾਮਸ੍ਰੀ ਅਤੇ ਕਪੂਰ ਤੋਂ ਇਲਾਵਾ ਕੋਈ ਹੋਰ ਸਮਾਨ ਇਸਤੇਮਾਲ ਨ ਕੀਤਾ ਜਾਏ।ਮੇਰੀ ਪਰਿਕਰਮਾ ਵੀ ਨ ਕੀਤੀ ਜਾਏ। ਮੁਖ ਅਗਨੀ ਮੇਰੀ ਧੀ ਹੀ ਦੇਵੇ (ਜੇਕਰ ਧੀ ਹੈ ਤਾਂ) |
8. ਚੌਥੇ ਦੀ ਰਸਮ ਲਈ ਕਿਸੇ ਦਿਨ ਦਾ ਵਿਚਾਰ ਬਿਲਕੁਲ ਨਹੀਂ ਕਰਨਾ ਜਿਸ ਤਰ੍ਹਾਂ ਐਤਵਾਰ, ਬੁਧਵਾਰ, ਨ ਹੀ ਕਿਸੇ ਤਿਉਹਾਰ ਨੂੰ ਦੇਖਣਾ ਘਰੋਂ ਕੋਈ ਲਾਲ ਜਾਂ ਸਫੇਦ ਥੈਲੀ, ਦੁੱਧ, ਅਗਰਬੱਤੀ, ਧੂਪਬਤੀ, ਫੁਲ-ਸੇਹਰੇ, ਫਰੂਟ ਆਦਿ ਲੈ ਕੇ ਜਾਣਾ। ਮੇਰੇ ਫੁਲ (ਹੱਡੀਆਂ) ਨੂੰ ਚੁਗਨਾ ਨਹੀਂ। ਸਾਰੀ ਰਾਖ ਤੇ ਹਡੀਆਂ ਇਕ ਬੋਰੀ ਵਿਚ ਇਕੱਠੀਆਂ ਕਰ ਲੈਣਾ।
9. ਮੇਰੀ ਰਾਖ ਅਤੇ ਅਸਥੀਆਂ ਨੂੰ ਨਜ਼ਦੀਕ ਤੋਂ ਨਜ਼ਦੀਕ ਚਲਦੇ ਪਾਣੀ ‘ਚ ਪਰਵਾਹ ਕਰਨਾ। ਖਾਸਤੌਰ ਤੇ ਹਰਿਦਵਾਰ, ਕੀਰਤਪੁਰ ਸਾਹਿਬ ਅਤੇ ਕਿਸੇ ਹੋਰ ਵਿਸ਼ੇਸ਼ ਨਦੀ ਵਿਚ ਨ ਬਹਾਣਾ |
10. ਭੋਗ ਵਾਲੇ ਦਿਨ ਗੁਰਦੁਆਰੇ ‘ਚ ਕੋਈ ਰਾਸ਼ਨ, ਬਰਤਨ, ਬਿਸਤਰਾ, ਫਰੂਟ ਆਦਿ ਨ ਦੇਣਾ। ਕੋਈ ਵੀ ਕਿਸੇ ਕਿਸਮ ਦੀ ਸ਼ਰਧਾਂਜਲੀ ਨ ਦਿੱਤੀ ਜਾਵੇ।
11. ਮੇਰੀ ਫੋਟੋ ਵੀ ਗੁਰਦੁਆਰੇ ਦੇ ਅੰਦਰ ਨ ਰੱਖਣਾ।
12. ਮੇਰਾ ਸਾਲਾਨਾ ਅਗਰ ਕਰਨਾ ਹੋਵੇ ਤਾਂ ਪੂਰੇ 12 ਮਹੀਨੇ ਬਾਦ ਹੀ ਕਰਨਾ | ਕੋਈ ਵੀ ਸ਼ਰਾਧ ਬਿਲਕੁਲ ਨ ਕਰਨਾ।
13. ਜੇਕਰ ਮੇਰੀ ਮੌਤ ਮੇਰੇ ਪਤੀ ਦੇ ਜੀਵਨ-ਕਾਲ ਵਿਚ ਹੋ ਜਾਏ ਤਾਂ ਮੇਰੀ ਅਰਥੀ ਨੂੰ ਕੋਈ ਸ਼ਿੰਗਾਰ ਨ ਕਰਨਾ ਜਿਸ ਤਰ੍ਹਾਂ ਕਿ ਲਾਲ, ਗੁਲਾਬੀ ਸੂਟ, ਮਾਂਗ ਭਰਨੀ, ਲਿਪਸਟਿਕ ਲਗਾਨਾ, ਚੂੜੀਆਂ ਰਖਨਾ ਆਦਿ।
ਸੋ ਹੁਣ ਤੁਸੀ ਸਮਝ ਹੀ ਗਏ ਹੋਵੋਗੇ ਕਿ ਮੇਰੇ ਅਪਣੇ ਜੀਵਨ ਕਾਲ ‘ਚ ਇਸ ਤਰ੍ਹਾਂ ਦੇ ਆਦੇਸ਼ ਨਾਲ ਮੈਂ ਸਭ ਨੂੰ
ਨਰਕ ਵਿਚ ਜਾਵਾਂਗਾ ਅਤੇ ਤੁਸੀ ਸਵਰਗ ਵਿਚ। ਲੇਕਿਨ ਮੇਰੇ ਗੁਰਦੇਵ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਉਪਦੇਸ਼ ਕਰ ਰਹੇ ਹਨ:
“ਅਗੈ ਕਰਣੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ॥ ਬਾਬਾ ਆਖੈ ਹਾਜੀਆਂ ਸ਼ੁਭ ਅਮਲਾ ਬਾਝਹੁ ਦੋਨੋ ਰੋਈ ॥”
(ਵਾਰਾਂ ਭਾਈ ਗੁਰਦਾਸ ਜੀ)
ਇਹ ਕੋਈ ਜਰੂਰੀ ਨਹੀਂ ਕਿ ਮੇਰੇ ਅਤੇ ਤੁਹਾਡੇ ਵਿਚਾਰ ਹਰ ਜਗ੍ਹਾ ਤੇ ਮਿਲਦੇ ਹੋਣ। ਲੇਕਿਨ ਕੁਝ ਹੋਰ ਗੱਲਾਂ ਵੀ ਹਨ ਜਿਨ੍ਹਾਂ ਤੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਲੋਕਾਂ ਤੋਂ ਇਲਾਵਾ ਉਹ ਲੋਕ ਜੋ ਧਰਮ ਵਿਚ ਆਸਥਾ ਨਹੀਂ ਰਖਦੇ ਵੀ ਸਹਿਮਤ ਹਨ। ਜਿਸ ਤਰ੍ਹਾਂ ਕਿ ਹਰ ਪ੍ਰਾਣੀ ਨੂੰ ਸਚ ਬੋਲਨਾ ਚਾਹੀਦਾ ਹੈ। ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ, ਘਟ ਨਹੀਂ ਤੋਲਨਾ ਚਾਹੀਦਾ, ਮਿਲਾਵਟ ਨਹੀਂ ਕਰਨੀ ਚਾਹੀਦੀ, ਨਸ਼ੇ ਨਹੀਂ ਕਰਨੇ ਚਾਹੀਦੇ। ਸਮਾਜ ਨੂੰ ਸੁਖ ਦੇਣਾ ਚਾਹੀਦਾ ਹੈ ਆਦਿ।ਲੇਕਿਨ ਜੋ ਲੋਕ ਅਪਣੇ ਜੀਵਨ-ਕਾਲ ਵਿਚ ਇਸ ਤੋਂ ਉਲਟ ਚਲਦੇ ਹਨ ਕਿ ਉਨ੍ਹਾਂ ਨੂੰ ਵੀ ਸਵਰਗ ਮਿਲੇਗਾ? ਇਸ ਦਾ ਜਵਾਬ ਆਪਣੀ ਅੰਤਰ ਆਤਮਾ ਤੋਂ ਪੁੱਛੋ।
ਨਿਚੋੜ: ਹਰ ਇਕ ਪ੍ਰਾਣੀ ਨੂੰ ਅਪਨੇ ਜੀਵਨ ਕਾਲ ਵਿਚ ਆਪ ਕੀਤੇ ਚੰਗੇ ਜਾਂ ਮਾੜੇ ਕੰਮਾਂ ਦੇ ਹਿਸਾਬ ਨਾਲ ਨਰਕ ਅਤੇ ਸਵਰਗ ਮਿਲਦਾ ਹੈ। ਉਸਦੇ ਮਰਣ ਤੋਂ ਬਾਅਦ ਪ੍ਰਵਾਰ ਦੀ ਤਰਫੋਂ ਕੀਤੇ ਗਏ ਕਰਮ-ਕਾਂਡ ਨਾਲ ਉਸਦਾ ਭਲਾ ਨਹੀਂ ਹੋ ਸਕਦਾ। ਬਲਕਿ ਪ੍ਰਵਾਰ ਦਾ ਧਨ ਅਤੇ ਸਮਾਂ ਬਰਬਾਦ ਹੋਣ ਦੇ ਨਾਲ-ਨਾਲ ਗੁਰੂ ਦੀ ਦੱਸੀ ਗਈ ਸਿਖਿਆ ਨ ਮੰਨਣ ਦਾ ਦੋਸ਼ ਜਰੂਰ ਲੱਗ ਜਾਂਦਾ ਹੈ।
ਨੋਟ: ਮੈਂ ਵੀ ਆਪਣੀ ਜ਼ਿੰਦਗੀ ਵਿਚ ਇਹ ਸਾਰੇ ਉਪਰ ਲਿਖਤ ਕੰਮ ਕੀਤੇ ਸਨ। ਜਦੋਂ ਮੈਂ ਕੁਝ ਗਿਆਨਵਾਨ ਮਨੁੱਖਾਂ ਦੇ ਵਿਚਾਰ ਪੜੇ ਅਤੇ ਸੁਣੇ ਅਤੇ ਦਸ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ) ਅਤੇ ਸਾਰੇ ਭਗਤ ਜਨਾਂ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਹੈ ਨੂੰ ਧਿਆਨ ਨਾਲ ਪੜਿਆ ਅਤੇ ਸਮਝਿਆ, ਉਸ ਦਿਨ ਤੋਂ ਮੇਰੇ ਜੀਵਨ ਵਿਚ ਬਦਲਾਅ ਆਏ। ਹੁਣ ਮੈਂ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਵਿਚਾਰਾਂ ਨੂੰ ਸਮਾਜ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।