ਜਦੋਂ ਕੋਈ ਬੰਦਾ ਮਰ ਜਾਂਦਾ ਹੈ, ਉਸ ਸਮੇਂ ਸਾਨੂੰ ਅਕਸਰ ਕੁਝ ਇਸ ਤਰ੍ਹਾਂ ਦੇ ਲਫਜ਼ ਸਾਨੂੰ ਸੁਣਨ ਤੇ ਪੜ੍ਹਨ ਨੂੰ ਮਿਲਦੇ ਹਨ: ਚਲ ਵਸੇ, ਸੁਰਗਵਾਸ ਹੋ ਗਏ, ਕਾਲ ਵਸ ਹੋ ਗਏ, ਅਕਾਲ ਚਲਾਣਾ ਕਰ ਗਏ, ਗੁਰੂ ਚਰਨਾਂ 'ਚ ਜਾ ਬਿਰਾਜੇ, ਗੁਰਪੁਰੀ ਸਿਧਾਰ ਗਏ, ਬ੍ਰਹਮਲੀਨ ਹੋ ਗਏ, ਵਿਛੋੜਾ ਦੇ ਗਏ, ਪਿਆਨਾ ਕਰ ਗਏ ਆਦਿ। ਇਸ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਹਨ। ਇਨ੍ਹਾਂ ਸਾਰੇ ਸ਼ਬਦਾਂ ਦਾ ਕੋਈ ਕੀ ਮਤਲਬ ਕੱਢਦਾ ਹੈ, ਮੈਨੂੰ ਨਹੀਂ ਪਤਾ। ਪਹਿਲਾਂ ਪਹਿਲ ਤਾਂ ਇਨ੍ਹਾਂ ਸ਼ਬਦਾਂ ਦੇ ਮਤਲਬ ਵੱਲ ਮੇਰਾ ਧਿਆਨ ਗਿਆ ਹੀ ਨਹੀਂ, ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਮੈਂ ਇਨ੍ਹਾਂ ਸ਼ਬਦਾਂ ਬਾਰੇ ਸੋਚਣ ਲੱਗਾ ਤਾਂ ਮੇਰੇ ਸਾਹਮਣੇ ਇਨ੍ਹਾਂ ਸ਼ਬਦਾਂ ਦੇ ਮਤਲਬ ਕੁਝ ਇਸ ਤਰ੍ਹਾਂ ਆਏ : 1. ਮਿਰਤਕ ਪ੍ਰਾਣੀ ਆਪਣੀ ਮਰਜ਼ੀ ਨਾਲ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ | 2. ਮਰਨ ਵਾਲਾ ਬੰਦਾ ਬਹੁਤ ਗੁਰਮੁਖ ਸੀ। 3. ਜਿਹੜੇ ਸੱਜਣ ਇਹ ਉਪਰਲੇ ਲਫਜ਼ ਵਰਤੋਂ ਵਿਚ ਲਿਆ ਰਹੇ ਹਨ, ਉਨ੍ਹਾਂ ਨੂੰ ਇਸ ਧਰਤੀ ਤੇ ਰਹਿੰਦਿਆਂ ਉਸ ਅਣਡਿੱਠੀ ਦੁਨੀਆਂ ਦੇ ਸਾਰੇ ਨਜ਼ਾਰੇ ਆ ਰਹੇ ਹਨ। ਪਰ ਦੂਜੇ ਪਾਸੇ ਮੈਂ ਇਹ ਵੀ ਸਮਝਦਾ ਹਾਂ, ਕਿ ਨਹੀਂ, ਉਹ ਤਾਂ ਕੇਵਲ ਸੁਣੇ ਸੁਣਾਏ ਲਫਜ਼ ਹੀ ਵਰਤੋਂ ਵਿਚ ਲਿਆ ਰਹੇ ਹਨ। ਜੇ ਵਾਕਈ ਉਨ੍ਹਾਂ ਨੂੰ ਅਣਡਿੱਠੀ ਦੁਨੀਆਂ ਦੇ ਨਜ਼ਾਰੇ ਨਜ਼ਰ ਆਉਂਦੇ ਹੁੰਦੇ ਤਾਂ ਸਾਨੂੰ ਕਦੇ-ਕਦਾਈਂ ਇਹ ਲਫਜ਼ ਵੀ ਸੁਣਨ ਨੂੰ ਜ਼ਰੂਰ ਹੀ ਮਿਲਦੇ ਕਿ ਫਲਾਣਾ ਬੰਦਾ ਨਰਕਵਾਸ ਹੋ ਗਿਆ ਹੈ ਪਰ ਮੈਂ ਤਾਂ ਅਜੇ ਤਕ ਕਦੇ ਪੜਿਆ-ਸੁਣਿਆ ਹੀ ਨਹੀਂ ਕਿ ਕੋਈ ਨਰਕਵਾਸ ਹੋ ਗਿਆ ਹੈ। ਤੁਸਾਂ ਸ਼ਾਇਦ ਕਦੇ ਪੜਿਆ ਸੁਣਿਆ ਹੋਵੇ। ਉਪਰ ਲਿਖਤ ਲਾਈਨਾਂ ਦੇ ਮੈਂ ਤਿੰਨ ਹਿੱਸਿਆਂ ਵਿਚ ਮਤਲਬ ਕਢੇ। ਹੁਣ ਇਨ੍ਹਾਂ ਤਿੰਨਾਂ ਨੂੰ ਵਖ-ਵਖ ਕਰਕੇ ਗੁਰਬਾਣੀ ਦੀ ਰੋਸ਼ਨੀ ਵਿਚ ਵੇਖੀਏ ਕਿ ਗੁਰਬਾਣੀ ਇਸ ਸੰਬੰਧ ਵਿਚ ਕੀ ਕਹਿੰਦੀ ਹੈ। ਕਿ ਮਿਰਤਕ ਪ੍ਰਾਣੀ ਆਪਣੀ ਮਰਜ਼ੀ ਨਾਲ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ- ਗੁਰਬਾਣੀ ਦੇ ਮੁਤਾਬਕ : ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥ (ਰਾਗ ਸਾਰੰਗ ਮ: 2, ਅੰਗ 1239) ਮਾਰੈ ਰਾਖੈ ਏਕੋ ਆਪਿ ਮਾਨੁਖ ਕੈ ਕਿਛੁ ਨਾਹੀ ਹਾਥਿ ॥ (ਰਾਗ ਗਉੜੀ ਮਹਲਾ 5, ਅੰਗ 281) ਗੁਰਬਾਣੀ ਦੇ ਇਹਨਾਂ ਮਹਾਂਵਾਕਾਂ ਦਾ ਭਾਵ ਹੈ ਕਿ ਜੀਵ ਸੰਸਾਰ ਵਿਚ ਉਸ ਪਰਮੇਸਰ ਦਾ ਭੇਜਿਆ ਹੋਇਆ ਹੀ ਆਉਂਦਾ ਹੈ ਅਤੇ ਉਸ ਦੇ ਸੱਦੇ ਤੇ ਹੀ ਵਾਪਿਸ ਜਾਂਦਾ ਹੈ। ਨਾ ਤਾਂ ਉਹ ਆਪਣੀ ਮਰਜ਼ੀ ਨਾਲ ਸੰਸਾਰ ਤੇ ਆ ਸਕਦਾ ਹੈ ਅਤੇ ਨਾ ਹੀ ਜਾ ਸਕਦਾ ਹੈ। ਕੀ ਮਰਨ ਵਾਲਾ ਗੁਰਮੁਖ ਸੀ ਜਾਂ ਨਹੀਂ? ਗੁਰਬਾਣੀ ਇਸ ਦਾ ਨਿਖੇੜ ਇਸ ਪ੍ਰਕਾਰ ਕਰ ਰਹੀ ਹੈ: ਕਹੈ ਨਾਨਕੁ ਜਿਨ ਮਨ ਨਿਰਮਲੁ ਸਦਾ ਰਹਹਿ ਗੁਰ ਨਾਲੇ ॥ ਸੋ ਗੁਰਮੁਖ ਤਾਂ ਆਪਣੇ ਜੀਵਨ ਕਾਲ ਵਿਚ ਸਦਾ ਹੀ ਗੁਰੂ ਦੇ ਨਾਲ ਹੁੰਦਾ ਹੈ । ਭਾਵ ਕਿ ਗੁਰੂ ਚਰਨਾਂ 'ਚ ਬਿਰਾਜਿਆ ਹੁੰਦਾ ਹੈ। ਗੁਰੂ ਸਾਹਿਬ ਮੁਤਾਬਿਕ ਲੋਕਾਂ ਦੀ ਬਹੁਗਿਣਤੀ ਝੂਠ ਦੀ ਕਿਰਿਆ ਨਾਲ ਜੁੜੀ ਹੋਈ ਹੈ- ਕੂਰ ਕ੍ਰਿਆ ਉਰਝਿਓ ਸਭ ਹੀ ਜਗ ॥ ਅਤੇ ਗੁਰੂ ਅਮਰਦਾਸ ਜੀ ਬਾਣੀ ਅਨੰਦ ਸਾਹਿਬ `ਚ ਕੂਰ ਕ੍ਰਿਆ `ਚ ਉਰਝਿਆਂ ਹੋਇਆਂ ਵਾਸਤੇ ਇਸ ਪ੍ਰਕਾਰ ਬਿਆਨ ਕਰ ਰਹੇ ਹਨ: ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥ ਭਾਵ ਝੂਠ ਨਾਲ ਜੁੜੇ ਹੋਣ ਵਾਲਿਆਂ ਨੇ ਆਪਣਾ ਜਨਮ ਜੂਏ `ਚ ਹਾਰ ਦਿੱਤਾ। ਪਰ ਪ੍ਰਚਲਤ ਰਸਮ ਮੁਤਾਬਕ ਅਸੀਂ ਹਰ ਮਰਣ ਵਾਲੇ ਸਖ਼ਸ਼ ਨੂੰ “ਗੁਰਮੁਖ” ਦੇ ਖਿਤਾਬ ਨਾਲ ਨਿਵਾਜਦੇ ਹਾਂ, ਭਾਵੇਂ ਉਹ ਮਨਮੁਖ ਹੀ ਕਿਉਂ ਨਾ ਹੋਵੇ। ਇਸੇ ਕਰਕੇ ਗੁਰੂ ਸਾਹਿਬ ਕਹਿ ਰਹੇ ਹਨ: ਦੁਨੀਆ ਕੀਆ ਵਡਿਆਈਆ ਕਵਨੈ ਆਵੈ ਕਾਮਿ ॥ ਗੁਰਬਾਣੀ ਦੇ ਮੁਤਾਬਿਕ ਸੰਸਾਰੀ ਬੰਦਿਆਂ ਦੁਆਰਾ ਕੀਤੀਆਂ ਕਿਸੇ ਜੀਵ ਦੀਆਂ ਵਡਿਆਈਆਂ ਪ੍ਰਭੂ ਦੀ ਦਰਗਾਹ ਵਿਚ ਉਸਦੇ ਕੰਮ ਨਹੀਂ ਆਉਂਦੀਆਂ। 3. ਅਣਡਿੱਠੀ ਦੁਨੀਆਂ ਦੇ ਨਜਾਰੇ - ਇਸ ਸੰਸਾਰ `ਚ ਚੰਗੇ ਤੇ ਮਾੜੇ ਦੋਨੋਂ ਤਰ੍ਹਾਂ ਦੇ ਮਨੁੱਖ ਰਹਿੰਦੇ ਹਨ। ਗੁਰਬਾਣੀ ਦੇ ਮੁਤਾਬਿਕ ਚੰਗੇ ਉਹ ਹਨ ਜੋ ਪਰਮੇਸਰ ਨੂੰ ਭਾਉਂਦੇ ਹਨ: ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤ ਗਾਵਦੇ ॥ ਤੇ ਅਜਿਹੇ ਮਨੁੱਖਾਂ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਉਹ ਗਿਣਤੀ `ਚ ਬਹੁਤ ਥੋੜੇ ਹੁੰਦੇ ਹਨ: ਹੈਨਿ ਵਿਰਲੇ ਨਾਹੀ ਘਣੇ ॥ ਪਰ ਮਾੜੇ ਮਨੁੱਖ (ਮਾਇਆ ਨੂੰ ਪਿਆਰ ਕਰਨ ਵਾਲੇ) ਬਹੁਤ ਹਨ। ਚੰਗੇ ਮਨੁੱਖ ਜੋ ਰੱਬ ਨੂੰ ਭਾਉਂਦੇ ਹਨ, ਉਨ੍ਹਾਂ ਨੂੰ ਪਛਾਨਣ ਵਾਲੇ ਮਨੁੱਖ ਵੀ ਬਹੁਤ ਹੀ ਥੋੜੇ ਹੁੰਦੇ ਹਨ ਕਿਉਂਕਿ ਸੰਸਾਰ ਚ ਮਾਇਆ ਨੂੰ ਪਿਆਰ ਕਰਨ ਵਾਲੇ ਮਨੁੱਖ ਬਹੁਗਿਣਤੀ ਵਿਚ ਹਨ ਤੇ ਉਨ੍ਹਾਂ ਦੀਆਂ ਸੰਸਾਰਕ ਵਡਿਆਈਆਂ ਕਰਨ ਵਾਲੇ ਵੀ ਬਹੁਤ ਹੀ ਹਨ। ਸੰਸਾਰੀ ਬੰਦੇ ਵਿਚ ਇਤਨੀ ਅਧਿਆਤਮਕ ਤਾਕਤ ਨਹੀਂ ਹੁੰਦੀ ਕਿ ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿ ਸਕੇ।ਸੋ ਜਿਹੜੇ ਸੰਸਾਰੀ ਬੰਦੇ ਖੁਦ ਮਾਇਆ ਦੀ ਪਕੜ `ਚ ਹਨ, ਉਹਨਾਂ ਨੂੰ ਪਰਲੋਕ ਦੇ ਨਜ਼ਾਰੇ ਕਿਸ ਤਰ੍ਹਾਂ ਦਿਖ ਸਕਦੇ ਹਨ? ਭਾਵ ਨਹੀਂ ਦਿਖ ਸਕਦੇ। ਉਹ ਤਾਂ ਸਿਰਫ ਸੁਣੀਆਂ-ਸੁਣਾਈਆਂ ਗੱਲਾਂ ਹੀ ਕਰਦੇ ਹਨ, ਜਿਸ ਨਾਲ ਮਿਰਤਕ ਪ੍ਰਾਣੀ ਦਾ ਭਲਾ ਤਾਂ ਕੀ ਹੋਣਾ ਹੈ ਸਗੋਂ ਮਿਰਤਕ ਦੀਆਂ ਝੂਠੀਆਂ ਸਿਫਤਾਂ ਕਰਨ ਵਾਲੇ ਸੰਸਾਰੀ ਬੰਦੇ ਆਪਣਾ ਅਧਿਆਤਮਕ ਨੁਕਸਾਨ ਜ਼ਰੂਰ ਕਰ ਬਹਿੰਦੇ ਹਨ। ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਕੋਈ ਵੀ ਮਨੁੱਖ ਸਿਰਫ ਦਿਖਾਵੇ ਲਈ ਗੁਰਦੁਆਰੇ ਜਾਣ ਨਾਲ, ਗੁਰਬਾਣੀ ਪੜ੍ਹਨ ਤੇ ਗਾਉਣ ਨਾਲ, ਗੁਰਬਾਣੀ ਸਮਝਣ ਜਾਂ ਚੰਗੇ ਕਰਮ ਕਰਨ ਨਾਲ ਗੁਰੂ ਦੀ ਨਿਗਾਹ `ਚ ਗੁਰਮੁਖ ਨਹੀਂ ਬਣ ਜਾਂਦਾ। ਹਾਂ, ਸੰਸਾਰੀ ਬੰਦੇ ਤਾਂ ਕੁਝ ਸਮੇਂ ਲਈ ਉਸ ਨੂੰ ਉਪਰੋ-ਉਪਰੋਂ (ਦਿਲੋਂ ਨਹੀਂ) ਗੁਰਮੁਖ ਜ਼ਰੂਰ ਕਹਿ ਦਿੰਦੇ ਹਨ। ਅਸੀਂ ਆਪ ਦੁਚਿੱਤੀ ਵਿਚ – ਮਿਰਤਕ ਪ੍ਰਾਣੀ ਦੇ ਸੰਬੰਧ ਵਿਚ ਆਪਸ ਵਿਚ ਗੱਲਾਂ ਕਰਦਿਆਂ ਜਾਂ ਗ੍ਰੰਥੀ ਸਿੰਘ ਜੀ ਨੂੰ ਵੀ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਫਲਾਣਾ ਬੰਦਾ ਗੁਰੂ ਚਰਨਾਂ 'ਚ ਜਾ ਬਿਰਾਜਿਆ, ਪੁਜ ਗਿਆ ਜਾਂ ਗੁਰਪੁਰੀ ਸਿਧਾਰ ਗਿਆ। ਪਰ ਨਾਲ ਹੀ ਅਰਦਾਸ ਵਿਚ ਗ੍ਰੰਥੀ ਸਿੰਘ ਪਾਸੋਂ ਪ੍ਰਾਣੀ ਨਮਿਤ ਜਾਂ ਸਰਧਾਂਜਲੀ ਦੇਣ ਵਾਲਿਆਂ ਵੱਲੋਂ ਜ਼ਿਆਦਾਤਰ ਇਹ ਕਿਹਾ ਜਾ ਰਿਹਾ ਹੁੰਦਾ ਹੈ ਕਿ ਗੁਜਰ ਗਏ ਪ੍ਰਾਣੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ। ਇੱਥੇ ਵਿਚਾਰਨ ਯੋਗ ਗੱਲ ਇਹ ਹੈ ਕਿ ਜੋ ਪ੍ਰਾਣੀ ਸਾਡੇ ਮੁਤਾਬਕ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ ਉਸ ਲਈ ਫਿਰ ਇਹ ਕਹਿਣ ਦੀ ਕੀ ਲੋੜ ਰਹਿ ਜਾਂਦੀ ਹੈ, “ਚਰਨਾਂ ਵਿਚ ਨਿਵਾਸ ਬਖਸ਼ਣਾ ਜੀ” ਇਸ ਤੋਂ ਇਹ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਆਪ ਹੀ ਦੁਚਿੱਤੀ ਵਿਚ ਹਾਂ ਕਿ ਸੰਬੰਧਤ ਪ੍ਰਾਣੀ ਨੂੰ ਥਾਂ ਮਿਲੀ ਕਿ ਨਹੀਂ। ਸੋ ਅੰਤ ਵਿਚ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਮਿਰਤਕ ਨਮਿਤ, ਵਰਤੇ ਜਾਣ ਵਾਲੇ ਉਪਰਲਿਖਤ ਸ਼ਬਦਾਂ ਦੀ ਥਾਂ 'ਤੇ ਕੁਝ ਹੋਰ ਸ਼ਬਦਾਂ ਦੀ ਚੋਣ ਬਾਰੇ ਮਿਲ ਬੈਠ ਕੇ ਸੋਚਣਾ ਚਾਹੀਦਾ ਹੈ, ਤਾਂ ਜੋ ਅਸੀਂ ਗੁਰੂ ਦਰਬਾਰ ’ਚ ਸੁਰਖ਼ਰੂ ਹੋ ਸਕੀਏ। ਉਪਰੋਕਤ ਚਰਚਿਤ ਵਿਸ਼ੇ ਦੇ ਸੰਬੰਧ ’ਚ ਕੁਝ ਸੱਜਣਾਂ ਵੱਲੋਂ ਮਿਰਤਕ ਨਮਿਤ ਕੀਤੀ ਜਾਣ ਵਾਲੀ ਆਮ ਗੱਲਬਾਤ ਅਤੇ ਅਰਦਾਸ `ਚ ਵਰਤੇ ਜਾਣ ਵਾਲੇ ਸ਼ਬਦਾਂ ਪ੍ਰਥਾਏ ਹੇਠ ਲਿਖੇ ਸੁਝਾਅ ਆਏ ਹਨ ਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਹੀ ਦਿਓ ਜੀ : ਉਸ ਦਾ ਪੰਜ ਭੂਤਕ ਸਰੀਰ ਪੰਜਾਂ ਤੱਤਾਂ ’ਚ ਲੀਨ ਹੋ ਗਿਆ ਹੈ। ਉਸ ਦੀ ਦੁਨਿਆਵੀ ਯਾਤਰਾ ਪੂਰੀ ਹੋ ਗਈ ਹੈ। ਪਰਮੇਸਰ ਵੱਲੋਂ ਸੱਦਾ ਆ ਗਿਆ। ਅਕਾਲ ਪੁਰਖ ਨੇ ਵਾਪਸ ਬੁਲਾ ਲਿਆ।