ਮੈਂ ਤਾਂ ਤੁਹਾਡਾ ਸਿੱਖ ਨ ਹੋਇਆ
ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ, ਪ੍ਰਬੰਧਕਾਂ ਦੀ ਗੋਲਕ ‘ਚ ਮਾਇਆ ਨਹੀਂ ਪਾਂਦਾ, ਤੁਹਾਨੂੰ ਸਿਹਰੇ (ਫੁੱਲਾਂ ਦੇ ਹਾਰ) ਅਤੇ ਰੁਮਾਲੇ ਨਹੀਂ ਚੜ੍ਹਾਂਦਾ, ਕੜ੍ਹਾਹ ਪ੍ਰਸ਼ਾਦ ਨਹੀਂ ਕਰਾਂਦਾ, ਤੁਹਾਡੇ ਜਨਮ ਦਿਹਾੜਿਆਂ ਅਤੇ ਦੀਵਾਲੀ ਨੂੰ ਘਰ, ਗੁਰਦੁਆਰੇ ਅਤੇ ਨਗਰ-ਕੀਰਤਨਾਂ ਵਿਚ ਜਾਕੇ ਨਾ ਤਾਂ ਆਤਿਸ਼ਬਾਜ਼ੀ ਚਲਾਂਦਾ ਹਾਂ ਤੇ ਨਾਂ ਹੀ ਮੋਮਬੱਤੀਆਂ ਜਗਾਂਦਾ ਹਾਂ, ਬਾਰ-ਬਾਰ ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ ਵੀ ਨਹੀਂ ਕਰਦਾ, ਅਮੀਰਾਂ ਅਤੇ ਰੱਜਿਆਂ ਲਈ, ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਨਹੀਂ ਲਗਾਂਦਾ, ਕਿਸੇ ਵੀ ਧਾਰਮਿਕ-ਫੋਟੋ ਦੀ ਪੂਜਾ ਨਹੀਂ ਕਰਦਾ ਨ ਸੇਹਰੇ ਚੜ੍ਹਾਂਦਾ ਹਾਂ, ਤੇ ਨਾਂ ਹੀ ਦੁਕਾਨ ਅਤੇ ਨ ਘਰ ਲਗਾਂਦਾ ਹਾਂ, ਨਾਂ ਹੀ ਗੁਰਦੁਆਰਾ ਪ੍ਰਬੰਧਕ-ਜਨਾਂ ਨੂੰ ਤੁਹਾਡੇ ਲਈ ਸੋਨੇ ਦੀ ਪਾਲਕੀ ਅਤੇ ਸੋਨੇ ਦੇ ਗੁੰਬਦਾਂ ਲਈ ਮਾਇਆ ਦੇਂਦਾ ਹਾਂ, ਨਾਂ ਹੀ ਵਿਸ਼ਕਰਮਾ ਜਨਮ-ਦਿਨ ਮਨਾਂਦਾ ਹਾਂ, ਗੁਰਦੁਆਰਿਆਂ ਅਤੇ ਜਥੇਬੰਦੀਆਂ ਦੇ ਪ੍ਰਬੰਧਕ-ਜਨਾਂ ਦੀ ਬੇਲੋੜਾ, ਹਾਂ ਵਿਚ ਹਾਂ ਨਹੀਂ ਮਿਲਾਂਦਾ, ਮੈਂ ਅਖੰਡਪਾਠੀਆਂ ਤੋਂ ਅਖੰਡ ਪਾਠ ਅਤੇ ਕੀਰਤਨੀਆਂ ਤੋਂ ਕੀਰਤਨ ਮਾਇਆ ਦੇ ਕੇ ਨਹੀਂ ਕਰਾਂਦਾ, ਬੱਚੇ ਦੇ ਜਨਮ ਮੌਕੇ , ਵਿਆਹ ਸਮੇਂ ਅਤੇ ਮਰਨ ਵੇਲੇ ਦੀਆਂ ਬਹੁਤ ਸਾਰੀਆਂ ਫਜ਼ੂਲ ਦੀਆਂ ਰਸਮਾਂ ਅਤੇ ਕਰਮ ਕਾਂਡ ਵੀ ਨਹੀਂ ਕਰਦਾ ਆਦਿ ਆਦਿ……। ਹੇ ਸਤਿਗੁਰ ਜੀ, ਤੁਹਾਡੇ ਬਹੁਤ ਸਾਰੇ ਸਿੱਖ ਤਾਂ ਇਹ ਉੱਪਰਲੇ ਕੰਮਾਂ ਵਿੱਚੋਂ ਬਹੁਤ ਕੁਝ ਕਰੀ ਜਾਂਦੇ ਹਨ। ਇਸ ਲਈ ਮੈਂ ਤਾਂ ਤੁਹਾਡਾ ਸਿੱਖ ਹੀ ਨਾਂ ਹੋਇਆ ਨਾਂ?
ਬਾਬਾ ਜੀ , ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਹਨ ਜੋ ਮੈਂ ਹੁਣ ਨਹੀਂ ਕਰਦਾ। ਮੈਂ ਪਹਿਲੇ ਤਾਂ ਇਹ ਸਾਰੇ ਉੱਪਰਲੇ ਕੰਮ ਬੜੇ ਚਾਅ ਨਾਲ ਕਰਦਾ ਸਾਂ। ਆਪ ਨੇ ਹੀ ਤਾਂ ਕਈ ਸਾਲ ਆਪਣੀ ਬਾਣੀ ਸੁਣਾਂ-ਸੁਣਾਂ ਕੇ ਮੇਰੀ ਮੱਤ ਹੀ ਮਾਰ ਦਿੱਤੀ , ਮੈਨੂੰ ਵਿਗਾੜ ਦਿੱਤਾ। ਨਹੀਂ-ਨਹੀਂ ਸਤਿਗੁਰ ਜੀ! ਤੁਸੀਂ ਮੇਰੇ ਤੇ ਮਿਹਰਬਾਨ ਹੋ ਕੇ, ਸੁਹਣੀ-ਸੁਹਣੀ ਮੱਤ ਦੀ ਬਖਸ਼ਿਸ਼ ਕਰਕੇ ਮੈਨੂੰ ਸਵਾਰ ਦਿੱਤਾ। ਜਿਸ ਤਰ੍ਹਾਂ ਮੇਰੇ ‘ਤੇ ਅਪਾਰ ਕਿਰਪਾ ਕੀਤੀ ਹੈ, ਇਸੀ ਤਰ੍ਹਾਂ ਆਪਣੀਆਂ ਸਾਰੀਆਂ ਨਾਮ ਲੇਵਾ ਸੰਗਤਾਂ ਤੇ ਬਖਸ਼ਿਸ਼ਾਂ ਦਾ ਮੀਂਹ ਵਰਸਾ ਦਿਓ, ਤੇ ਭਰਮਾਂ ਦੇ ਬੰਧਨ ਕੱਟ ਦੀਓ ਜੀ।
ਤੁਸਾਂ ਮੈਨੂੰ ਇਹ ਗੱਲਾਂ ਸਮਝਾ ਦਿੱਤੀਆਂ ਕਿ ਗਰੀਬ ਦਾ ਮੂੰਹ ਹੀ, ਗੁਰੂ ਦੀ ਗੋਲਕ ਹੁੰਦੀ ਹੈ, ਬਾਹਰ ਦੀਆਂ ਮੋਮਬੱਤੀਆਂ ਦੀਵੇ ਜਗਾਣ ਦੀ ਬਜਾਇ ,ਆਪਣੇ ਅੰਦਰ ਦਾ ਦਿਵਾ ਜਗਾ। ਬਾਹਰ ਦੇ ਬੰਬ-ਪਟਾਕੇ ਚਲਾਣ ਦੀ ਬਜਾਇ, ਆਪਣੇ ਅੰਦਰ ਹੀ ਗਿਆਨ ਦੇ ਬੰਬ ਚਲਾ। ਪ੍ਰਭੂ ਦਾ ਨਾਮ ਜੱਪਣਾ ਹੀ,ਅਸਲੀ ਫੁੱਲ ਸਿਹਰੇ ਹਨ। ਆਪਣੇ ਅੰਦਰ ਦੇ ਤੀਰਥ ਦੀ ਯਾਤਰਾ ਕਰ। ਗਰੀਬਾਂ ਲਈ ਲੰਗਰ ਲਗਾ, ਆਪ ਪਾਠ ਸਮਝ ਕੇ ਕਰ ਤੇ ਅਮਲ ‘ਚ ਲਿਆ, ਬ੍ਰਾਹਮਣੀ ਰੀਤਾਂ ਛੱਡ ਦੇ, ਸਭ ਕੁਝ ਪ੍ਰਮੇਸ਼ਰ ਤੋਂ ਹੀ ਮੰਗਿਆ ਕਰ, ਸੱਚੀ ਗੱਲ ਨਿਝੱਕ ਹੋ ਕੇ ਬੋਲਿਆ ਕਰ ਆਦਿ। ਸਤਿਗੁਰ ਜੀ, ਆਪਦਾ ਬਹੁਤ-ਬਹੁਤ ਧੰਨਵਾਦ। ਹੁਣ ਮੈਂ ਕੁਝ-ਕੁਝ ਕਹਿ ਸਕਦਾ ਹਾਂ।
“ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ”
(ਅੰਗ 804, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
-ਜਰਨੈਲ ਸਿੰਘ, ਸ਼ਿਵ ਨਗਰ, ਫੋਨ : 09250530830
ਇਨ੍ਹਾਂ ਧਾਰਮਿਕ ਪਰਚਿਆਂ ਦੀ ਫੋਟੋ-ਕਾਪੀ ਕਰਵਾਕੇ ਜਾਂ ਹੂ-ਬ-ਹੂ ਛੱਪਵਾਕੇ ਪ੍ਰਚਾਰ ਹਿੱਤ ਅਪਣੇ ਹੱਥੀਂ ਸੰਗਤਾਂ ਵਿਚ ਵੰਡ ਕੇ ਗੁਰਦੁਆਰਿਆਂ ਵਿਚ ਚਿਪਕਾਕੇ ਆਪਣਾ ਦਸਵੰਧ ਸਫਲਾ ਕਰੋ ਜੀ।
ਜਰਨੈਲ ਸਿੰਘ WZ – 260, ਗਲੀ ਨੰ. 15, ਸ਼ਿਵ ਨਗਰ, ਜੇਲ ਰੋਡ,ਨਵੀਂ ਦਿੱਲੀ-58, ਫੋਨ : 25510043, 092101 10971, 092112 05092