ਸਾਨੂੰ ਮਿਰਤਕ ਸੰਸਕਾਰ ਸੰਬੰਧੀ ਸੰਗਤਾਂ ਨੂੰ ਜਾਣਕਾਰੀ ਦੇਂਦਿਆਂ ਤਕਰੀਬਨ 20 ਸਾਲ ਹੋ ਗਏ ਹਨ। ਇਸ ਪਰਚਾਰ ਕਰਕੇ ਕੁਝ-ਕੁ ਸੰਗਤਾਂ ਵਿਚ ਬਦਲਾਵ ਵੀ ਦੇਖਿਆ ਜਾ ਰਿਹਾ ਹੈ। ਕਈ ਪ੍ਰੇਮੀਆਂ ਨੇ ਆਪਣੇ ਨਿਕਟ ਸੰਬੰਧੀ ਜਿਨ੍ਹਾਂ ਨੂੰ ਵਾਹਿਗੁਰੂ ਵਲੋਂ ਸੱਦਾ ਆ ਗਿਆ, ਦਾ ਕਿਰਿਆ ਕਰਮ ਕਾਫੀ ਹਦ ਤਕ ਗੁਰਮਤਿ ਅਨੁਸਾਰ ਕੀਤਾ। ਕਈਆਂ ਪ੍ਰੇਮੀਆਂ ਨੇ ਇਸ ਮੋਕੇ ਤੇ ਦੂਸਰਿਆਂ ਸੱਜਣਾਂ ਨੂੰ ਕਿਰਿਆ-ਕਰਮ ਗੁਰਮਤਿ ਅਨੁਸਾਰ ਕਰਨ ਦਾ ਸੁਝਾਅ ਵੀ ਦਿਤਾ, ਕਈਆਂ ਸੱਜਣਾਂ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੀ ਵਸੀਅਤ ਲਿਖਤ ਰੂਪ ਵਿਚ ਵੀ ਕਰਕੇ ਦਿੱਤੀ, ਤੇ ਕਈਆਂ ਨੇ ਜੁਬਾਨੀ ਵੀ ਆਪਣੇ ਪਰਿਵਾਰ ਨੂੰ ਕਹਿ ਦਿਤਾ ਕਿ ਉਨ੍ਹਾਂ ਦੇ ਸੰਸਾਰ ਛਡਣ ਤੋਂ ਬਾਅਦ ਉਨ੍ਹਾਂ ਦਾ ਕਿਰਿਆ ਕਰਮ ਗੁਰਮਤਿ ਅਨੁਸਾਰ ਕੀਤਾ ਜਾਵੇ। ਸਾਡੇ ਵਾਸਤੇ ਸਭ ਤੋਂ ਜਿਆਦਾ ਖੁਸ਼ੀ ਦਾ ਸਮਾਚਾਰ ਇਹ ਹੈ ਕਿ ਸ੍ਰ. ਦਲਜੀਤ ਸਿੰਘ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਚੋਖੰਡੀ ਚੌਂਕ, ਤਿਲਕ ਨਗਰ, ਨਵੀਂ ਦਿੱਲੀ ਨੇ ਆਪਣੀ ਵਸੀਅਤ ਦੇ ਵਡੇ ਹੋਰਡਿੰਗ ਹਿੰਦੀ ਅਤੇ ਪੰਜਾਬੀ ਵਿਚ ਪ੍ਰਿੰਟ ਕਰਾ ਕੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿਚ ਸਤੰਬਰ-2021 ਨੂੰ ਲਗਵਾਏ ਜਿਨ੍ਹਾਂ ਨੂੰ ਆਈਆਂ-ਗਈਆਂ ਸੰਗਤਾਂ ਬੜੇ ਧਿਆਨ ਨਾਲ ਪੜ੍ਹਦੀਆਂ ਹਨ। ਇਸ ਦੇ ਨਾਲ ਹੀ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਵਿਖੇ 25 ਸਤੰਬਰ 2021 ਨੂੰ ਇਕ ਵਿਸ਼ੇਸ਼ ਦਿਵਾਨ ਸ਼ਾਮ 7 ਤੋਂ 9 ਵਜੇ ਤਕ ਮਿਰਤਕ ਸੰਸਕਾਰ ਸੰਬੰਧੀ ਕਰਵਾਇਆ ਜਿਸ ਵਿਚ ਕਾਫੀ ਸੰਗਤਾਂ ਨੇ ਹਾਜਰੀ ਭਰੀ। ਇਸ ਪ੍ਰੋਗਰਾਮ ਦੀ ਵੀਡਿਓਗ੍ਰਾਫੀ ਵੀ ਹੋਈ ਤੇ You Tube ਤੇ ਪਾਈ ਗਈ। ਸਾਡੇ ਗਿਆਨ ਦੇ ਮੁਤਾਬਿਕ ਸਾਰੇ ਸੰਸਾਰ ਵਿੱਚ ਜਿੱਥੇ-ਜਿੱਥੇ ਵੀ ਗੁਰਦੁਆਰੇ ਹਨ, ਕਿਸੇ ਵੀ ਗੁਰਦੁਆਰੇ ਦੇ ਪ੍ਰਬੰਧਕ ਨੇ ਐਸਾ ਉੱਦਮ ਨਹੀਂ ਕੀਤਾ ਜੋ ਕਿ ਸ. ਦਲਜੀਤ ਸਿੰਘ ਜੀ ਚੋਖੰਡੀ ਨੇ ਕੀਤਾ ਹੈ। ਗੁਰਬਾਣੀ ਦੀ ਸਿੱਖਿਆ ਦੇ ਮੁਤਾਬਿਕ ਸਾਨੂੰ ਗੁਰੂ ਦੀ ਹਰ ਉਸ ਸਿੱਖਿਆ ਦਾ ਡਟ ਕੇ ਪ੍ਰਚਾਰ ਕਰਨਾ ਚਾਹਿਦਾ ਹੈ ਜੋ ਅਸੀਂ ਖੁਦ ਕਮਾਉਂਦੇ ਹੋਈਏ। ਸੋ ਸਾਨੂੰ ਉੱਮੀਦ ਹੈ ਕਿ ਸ੍ਰ. ਦਲਜੀਤ ਸਿੰਘ ਜੀ ਪਹਿਲੇ ਨਾਲੋਂ ਵੀ ਜਿਆਦਾ ਇਸ ਮੁਹਿਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਗੇ ਤਾਂਕਿ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਰੁਚੀ ਵੀ ਮਿਰਤਕ ਸੰਸਕਾਰ ਨੂੰ ਗੁਰਮਤਿ ਅਨੁਸਾਰ ਕਰਨ ਦੀ ਬਣ ਸਕੇ ।
ਇਸ ਦੇ ਨਾਲ ਅਸੀਂ ਸੰਸਾਰ ਭਰ ਦੇ ਗੁਰਦੁਆਰਾ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਕੀਰਤਨੀਏ ਤੇ ਕਥਾਵਾਚਕਾਂ ਨੂੰ ਸਨਿਮਰ ਹੱਥ ਜੋੜਕੇ ਬੇਨਤੀ ਕਰਦੇ ਹਾਂ ਕਿ ਜੇ ਪਹਿਲੇ ਨਹੀਂ ਤਾਂ ਹੁਣ, ਇਸ ਮਿਰਤਕ ਸੰਸਕਾਰ ਮਰਯਾਦਾ ਨੂੰ ਪਹਿਲਾਂ ਅਪਣੇ ਤੇ ਲਾਗੂ ਕਰਕੇ ਫਿਰ, ਸੰਗਤਾਂ ਵਿਚ ਪ੍ਰਚਾਰ ਕੀਤਾ ਜਾਵੇ।