ਜਦੋਂ ਅਸੀਂ ਕਿਸੀ ਵਸਤੂ ਨੂੰ ਦੇਖਦੇ ਹਾਂ ਤੇ ਉਸ ਦੇ ਫੰਗਸ਼ਨ (ਕੰਮ) ਤੇ ਗੁਣ ਸਮਝਦੇ ਹਾਂ। ਜੇ ਉਹ ਸਾਡੇ ਮਨ ਨੂੰ ਚੰਗੀ ਲਗ ਜਾਵੇ ਤਾਂ ਫਿਰ ਸਾਡੇ ਮਨ ਵਿਚ ਇਕ ਚਾਹ ਪੈਦਾ ਹੋ ਜਾਂਦਾ ਹੈ ਕਿ ਇਹ ਵਸਤੂ ਸਾਡੇ ਕੋਲ ਵੀ ਹੋਣੀ ਚਾਹੀਦੀ ਹੈ ਫਿਰ ਜਿਤਨਾ ਚਿਰ ਤਕ ਸਾਨੂੰ ਉਹ ਵਸਤੂ ਮਿਲ ਨਹੀਂ ਜਾਂਦੀ ਅਸੀਂ ਉਸ ਬਾਰੇ ਹਰ ਵਕਤ ਸੋਚਦੇ ਰਹਿੰਦੇ ਹਾਂ। ਜੇ ਉਹ ਵਸਤੂ ਬਹੁਤ ਮੰਹਿਗੀ ਹੋਵੇ ਤਾਂ ਅਸੀਂ ਉਸ ਵਾਸਤੇ ਪੈਸੇ ਵੀ ਜੋੜਦੇ ਹਾਂ ਤੇ ਕਈ ਵਾਰੀ ਕਰਜਾ ਲੈਣ ਲਈ ਤਿਆਰ ਹੋ ਜਾਂਦੇ ਹਾਂ। ਕਈ ਵਾਰੀ ਜੇ ਪੈਸੇ ਖਰਚਕੇ ਵੀ ਉਹ ਵਸਤੂ ਨ ਮਿਲਦੀ ਹੋਵੇ ਤਾਂ ਅਸੀਂ ਕਈ ਤਰ੍ਹਾਂ ਦੀਆਂ ਸਿਫਾਰਸ਼ਾਂ ਵੀ ਪਵਾਉਣ ਲਗ ਜਾਂਦੇ ਹਾਂ, ਤੇ ਬਹੁਤ ਵਾਰੀ ਅਸੀ ਵਸਤੂ ਪ੍ਰਾਪਤੀ ਲਈ ਸੁਖਣਾ ਵੀ ਸੁਖਣ ਤਕ ਚਲੇ ਜਾਂਦੇ ਹਾਂ ਪਰ ਇਹ ਸਾਰਾ ਕੁਝ ਤਾਂ ਹੀ ਹੁੰਦਾ ਹੈ ਹਾਂ ਜਦੋਂ ਸਾਡੇ ਮਨ ਅੰਦਰ ਚੀਜ ਪ੍ਰਾਪਤ ਕਰਨ ਦੀ ਬਹੁਤ ਹੀ ਜਬਰ ਦਸਤ ਚਾਉ ਪੈਦਾ ਹੋ ਗਿਆ ਹੋਵੇ ਪਰ ਜੇ ਉਹ ਸਾਡੇ ਮਨ ਨੂੰ ਚੰਗੀ ਹੀ ਨ ਲਗੇ ਤਾਂ ਅਸੀ ਪ੍ਰਾਪਤ ਕਰਨ ਲਈ ਕੋਈ ਵੀ ਯਤਨ ਨਹੀਂ ਕਰਦੇ। ਕੁਝ ਇਸੀ ਤਰ੍ਹਾਂ ਹੀ ਧਰਮ ਦੀਆਂ ਦੁਨੀਆਂ ਵਿਚ ਵੀ ਹੁੰਦਾ ਹੈ। ਜਦੋਂ ਕਿਸੇ ਵਡਭਾਗੀ ਬੰਦੇ ਨੂੰ ਗੁਰੂ ਦੀ ਗਲਾਂ ਤੇ ਭਰੋਸਾ ਆ ਜਾਂਦਾ ਹੈ ਕਿ ਨਾਮ ਜਪਣ ਨਾਲ ਬੰਦੇ ਨੂੰ ਇਹ ਬਰਕਤਾਂ ਮਿਲ ਜਾਂਦੀਆਂ ਹਨ ਤਾਂ ਉਸਦੇ ਅੰਦਰ ਇਕ ਚਾਹ ਪੈਦਾ ਹੋ ਜਾਂਦਾ ਹੈ ਜਿਵੇਂ ਗੁਰਬਾਣੀ ਵਿਚ ਹੇਠ ਲਿਖੀਆਂ ਪੰਗਤੀਆਂ ਤੋਂ ਪਤਾ ਲਗਦਾ ਹੈ:
1. ਸੁਣਿ ਸੁਣਿ ਨਾਮ ਤੁਮਾਰਾ ਪ੍ਰੀਤਮ ਪ੍ਰਭੁ ਪੇਖਣ ਕਾ ਚਾਉ॥
2. ਮਨ ਬੈਰਾਗ ਭਇਆ ਦਰਸਨ ਦੇਖਣ ਕੇ ਚਾਉ॥
3. ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ॥
ਪਰ ਜੇ ਉਹ ਵਸਤੂ ਪ੍ਰਾਪਤ ਕਰਨ ਦਾ ਸਾਡੇ ਅੰਦਰ ਚਾਹ ਹੀ ਨਹੀਂ ਉਪਜਿਆ ਤਾਂ ਅਸੀਂ ਉਸ ਵਸਤੂ ਨੂੰ ਨਹੀਂ ਪ੍ਰਾਪਤ ਕਰ ਸਕਦੇ।
“ਸੋ ਬਿਨਾ ਚਾਹ ਦੇ ਅਸੀਂ ਕੋਈ ਵਸਤੂ ਭਾਵੇਂ ਉਹ ਦੁਨਿਆਵੀ ਹੋਵੇ ਜਾਂ ਅਧਿਆਤਮਕ ਅਸੀਂ ਨਹੀਂ ਪ੍ਰਾਪਤ ਕਰ ਸਕਦੇ।”
ਇਸੀ ਤਰ੍ਹਾਂ ਜੇ ਮਨੁਖ ਨੇ “ਗੁਰ ਚਰਨਾਂ ਵਿਚ ਥਾਂ ਲੈਣੀ ਹੈ ਤਾਂ ਉਸਦੇ ਜੀਂਦੇ ਜੀ ਇਕ ਚਾਹ ਪੈਦਾ ਹੋਇਗਾ ਤੇ ਇਸ ਇੱਛਾ ਪੂਰਤੀ ਲਈ ਕਈ ਤਰਾਂ ਦੀਆਂ ਬੇਨਤੀਆਂ ਕਰਨ ਦੇ ਨਾਲ- ਨਾਲ ਕਈ ਤਰ੍ਹਾਂ ਦੀਆਂ ਸੁਖਣਾ-ਸੁਖਣ ਤਕ ਵੀ ਚਲਾ ਜਾਵੇਗਾ ਯਥਾ ਗੁਰਵਾਕ
“ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ਵਰ ਲੋੜ ਪਾਇਆ ਵਜੀ ਵਾਧਾਈ॥”
ਸੋ ਇਸ ਲੇਖ ਲਿਖਣ ਦਾ ਸਾਰ ਇਹ ਹੈ ਕਿਸੇ ਦੇ ਚਲਾਣੇ ਤੋਂ ਬਾਦ ਕਿਸੇ ਅਰਦਾਸੀਏ ਸਿੰਘ ਦੇ ਇਹ ਕਹਿਣ ਨਾਲ ਕਿ ਅਮੁਕ ਬੰਦੇ ਨੂੰ “ਚਰਨਾਂ ਵਿਚ ਥਾਂ ਦੇਣੀ ਨੂੰ ਕੀ ਗੁਰੂ ਪ੍ਰਵਾਨ ਕਰ ਲਏਗਾ? ਇਸ ਬਾਰੇ ਵੀ ਆਉ ਸਾਰੇ ਵਿਚਾਰ ਕਰੀਏ। ਕਿਉਂਕੀ ਜੇ ਖਾਲੀ ਇਹ ਦੋ ਲਫਜ ਬੋਲਣ ਨਾਲ ਥਾਂ ਮਿਲਦੀ ਹੋਵੇ ਤਾਂ ਗੁਰੂ ਜੀ ਨੂੰ ਬਹੁਤ ਸਾਰੀਆਂ ਬੇਨਤੀਆਂ, ਤਰਲੇ, ਮਿੰਨਤਾਂ, ਜੋਦੜੀਆਂ ਸੁਖਣਾ ਸੁਖਣ ਦੀ ਕੀ ਲੋੜ ਸੀ।