ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ ਵਲੂ ਰਸਪਤਿ, ਇੰਦੀ ਕਹਿਆ ਨਾ ਮਾਨਾ ॥੧॥ ਬਾਬਾ, ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ॥੧॥ਰਹਾਉ॥ ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ॥੨॥ ਕਹੈ ਕਬੀਰੁ ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰਿ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ ॥੩॥੭॥
(ਮਾਰੂ ਭਗਤ ਕਬੀਰ ਜੀ, ਅੰਗ-੧੧੦੪)
ਅਰਥ: ਸਰੀਰ ਮਾਨੋ ਇਕ ਪਿੰਡ ਹੈ। ਜੀਵ (ਇਸ ਪਿੰਡ ਦਾ) ਚੌਧਰੀ ਹੈ (ਇਸ ਨਗਰ ਵਿਚ) ਪੰਜ ਕਿਸਾਨ (ਕਾਮ, ਕ੍ਰੋਧ ਆਦਿ) ਵਸਦੇ ਹਨ। ਅੱਖਾਂ, ਕੰਨ, ਜੀਭ ਤੇ (ਕਾਮ ਚੇਸ਼ਟਾ ਵਾਲੀ) ਇੰਦ੍ਰੀ ਇਨ੍ਹਾਂ ਪੰਜਾਂ ਨੇ ਹੀ ਜੀਵ ਦਾ ਕਹਿਣਾ ਨਹੀਂ ਮੰਨਿਆ।
ਹੇ ਬਾਬਾ ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵਸਾਂਗਾ (ਕਿਉਂਕਿ ਜਿਸ ਮੁਨਸ਼ੀ ਦਾ) ਨਾਮ ਚਿਤਰ- ਗੁਪਤ ਹੈ, (ਉਹ) ਘੜੀ ਘੜੀ ਦਾ ਹਿਸਾਬ ਮੰਗਦਾ ਹੈ ।
ਜਦੋਂ ਧਰਮ ਰਾਜ (ਜੀਵ ਦੇ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ ਉਸ ਵਕਤ, ਉਸ ਦੇ ਜਿੰਮੇ ਬਹੁਤ ਰਕਮ ਦੇਣੀ ਨਿਕਲਦੀ ਹੈ। (ਜਦੋਂ ਜੀਵ ਪਾਸੋਂ ਕਰਮਾਂ ਦਾ ਲੇਖਾ ਮੰਗਿਆ ਗਿਆ ਓਦੋਂ) ਪੰਜ ਕਿਰਸਾਨ (ਗਿਆਨ ਇੰਦ੍ਰੇ) ਦੌੜ ਗਏ ਅਤੇ ਜੀਵ ਨੂੰ ਦਰਬਾਰੀਆਂ ਨੇ ਬੰਨ੍ਹ ਲਿਆ ।
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸ ਸਰੀਰ ਰੂਪੀ ਖੇਤ (ਭਾਵ ਮਨੁੱਖਾ ਜਨਮ ਵਿਚ ਹੀ) ਨਿਬੇੜਾ (ਫੈਸਲਾ) ਕਰ ਲਵੋ ਤਾਂ ਜੋ ਫਿਰ ਜਨਮ ਨਾ ਧਾਰਨਾ ਪਵੇ। ਨਾਲ ਹੀ ਪਰਮੇਸ਼ਰ ਜੀ ਅਗੇ ਆਪਣੇ ਲਈ ਮੰਗ ਕਰਦੇ ਹਨ ਕਿ ਹੇ ਪ੍ਰਭੂ ਜੀ! ਹੁਣ ਇਸ ਵਾਰੀ ਮੈਂਨੂੰ ਬੰਦੇ ਨੂੰ ਬਖਸ਼ ਲਵੋ (ਤਾਂ ਜੋ) ਮੇਰਾ ਮੁੜ ਕੇ ਸੰਸਾਰ ਸਮੁੰਦਰ ਵਿਚ ਫੇਰਾ (ਭਾਵ ਆਣਾ ਜਾਣਾ) ਨਾ ਹੋਵੇ ।
* ਇਹ ਅਰਥ ਗਿ. ਹਰਬੰਸ ਸਿੰਘ ਜੀ (ਟੀਕਾਕਾਰ) ਪਟਿਆਲੇ ਵਾਲਿਆਂ ਨੇ ਆਪਣੀ ਪੋਥੀ ਨੰ. 10 ਦੇ ਸਫਾ ਨੰ. 725 ਤੇ ਕੀਤੇ ਹਨ।
ਸਾਰੰਸ਼ ਅਤੇ ਸਿਧਾਂਤ :
ਇਹ ਸ਼ਬਦ ਰਾਗੀ ਸਿੰਘਾਂ ਨੇ ਬਹੁਤ ਪ੍ਰਸਿਧ ਕਰ ਦਿੱਤਾ ਹੈ ਕਿਉਂਕਿ ਜਦੋਂ ਵੀ ਕਿਸੇ ਮਿਰਤਕ ਪ੍ਰਾਣੀ ਦੇ ਨਮਿਤ ਕੀਰਤਨ ਹੁੰਦਾ ਹੈ ਤਾਂ ਹੇਠਲੀ ਟੇਕ ਤੇ ਇਸ ਸ਼ਬਦ ਦਾ ਗਾਇਨ ਇਸ ਤਰ੍ਹਾਂ ਕੀਤਾ ਜਾਂਦਾ ਹੈ:
“ਅਬ ਕੀ ਬਾਰਿ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ ॥”
ਭਗਤ ਕਬੀਰ ਜੀ ਸਰੀਰ ਰੂਪੀ ਪਿੰਡ ਵਿਚ ਵਸ ਰਹੇ ਪੰਜਾਂ ਕਿਰਸਾਨਾਂ ਦੀ ਜਾਣ-ਪਛਾਣ ਕਰਾਉਂਦੇ ਹਨ ਕਿ ਇਹ ਪੰਜੇ ਗਿਆਨ ਇੰਦੇ ਜੀਵ ਨੂੰ ਸ਼ੁੱਭ ਪਾਸੇ ਲਗਣ ਹੀ ਨਹੀਂ ਦਿੰਦੇ:-
ਨੈਨੂ- ਨੇਤਰ, ਇਹ ਪਰਾਇਆ ਰੂਪ ਤੇ ਪਦਾਰਥ ਵੇਖਣ ਵਿਚ ਖਚਿਤ ਰਹਿੰਦੇ ਹਨ।
ਨਕਟੂ- ਨਾਸਿਕਾ, ਇਹ ਵਿਸ਼ੇ ਵਾਸ਼ਨਾ ਲੈਣ ਦਾ ਕੰਮ ਕਰਦੀ ਹੈ।
ਸ੍ਰਵਨੁ – ਕੰਨ ਇਹ ਪਰਾਈ ਨਿੰਦਾ ਚੁਗਲੀ ਸੁਣਨ ਵਿਚ ਹੀ ਲੱਗੇ ਰਹਿੰਦੇ ਹਨ।
ਰਸਪਤਿ-ਰਸਨਾ-ਇਹ ਛੇ ਰਸਾਂ ਵਾਲੇ ਪਦਾਰਥ ਭੋਗਣ ਵਿਚ ਹੀ ਲਗੀ ਰਹਿੰਦੀ ਹੈ।
ਇੰਦ੍ਰੀ -ਤੁਚਾ-ਇਹ ਕਾਮ ਵਾਸ਼ਨਾ ਵਿਚ ਹੀ ਗਲਤਾਨ ਰਹਿੰਦੀ ਹੈ।
ਇਹ ਪੰਜੇ ਇੰਦ੍ਰੇ ਸ਼੍ਰੇਸ਼ਟ ਪਦਾਰਥ ਨਾਮ ਵਿਚ ਲਗਣਾ ਹੀ ਨਹੀਂ ਚਾਹੁੰਦੇ, ਇਹ ਆਪੋ-ਆਪਣੇ ਰਸਾਂ ਵਿਚ ਹੀ ਖਚਿਤ ਰਹਿੰਦੇ ਹਨ। ਇਸ ਲਈ ਭਗਤ ਜੀ ਪੁਕਾਰ ਕਰਦੇ ਹਨ ਕਿ ਹੇ ਪ੍ਰਭੂ ! ਮੈਂ ਇਸ ਦੇਹੀ ਵਿਚ ਨਹੀਂ ਵੱਸਣਾ ਚਾਹੁੰਦਾ। ਜੇ ਵੱਸਾਂ ਤਾਂ ਚੇਤੂ (ਚਿਤ੍ਰਗੁਪਤ) ਪਟਵਾਰੀ ਮੇਰੇ ਕੀਤੇ ਕਰਮਾਂ ਦਾ ਹਿਸਾਬ ਮੰਗਦਾ ਹੈ। ਹਿਸਾਬ ਸਮੇਂ ਜਦੋਂ ਅਸ਼ੁੱਭ ਕੰਮਾਂ ਦੀ ਬਾਕੀ ਨਿਕਲੇਗੀ ਤਦੋਂ ਇੰਦਿਆਂ ਨੇ ਭਜ ਜਾਣਾ ਹੈ। ਜੀਵ ਜੋ ਸਰੀਰ ਰੂਪੀ ਪਿੰਡ ਦਾ ਚੌਧਰੀ ਹੈ, ਉਸ ਨੂੰ ਧਰਮ ਰਾਜ ਦੇ ਦੂਤ ਨੇ ਦੰਡ ਦੇਣ ਲਈ ਬੰਨ੍ਹ ਕੇ ਆਪਣੇ ਪਾਸ ਬਿਠਾ ਲੈਣਾ ਹੈ। ਅਜਿਹੀ ਹਾਲਤ ਵੇਖ ਕੇ ਕਬੀਰ ਜੀ ਸਤਿ ਸੰਗੀਆਂ ਨੂੰ ਉਪਦੇਸ਼ ਦੇ ਰਹੇ ਹਨ-ਹੇ ਸੰਤ ਜਨੋਂ! ਸੁਣਹੁ ਇਨ੍ਹਾਂ ਇੰਦ੍ਰਿਆਂ ਨੂੰ ਮਾੜੇ ਕੰਮਾਂ ਤੋਂ ਹਟਾ ਕੇ ਪਰਮੇਸਰ ਦਾ ਨਾਮ ਜਪਣ ਵਲ ਲਾਓ। ਜੇ ਨਾਮ ਜਪਦਿਆਂ ਵੀ ਮੰਦੇ ਕਰਮਾਂ ਦੀ ਸ਼ੰਕਾ ਬਣੀ ਰਹੇ ਤਾਂ ਈਸ਼ਵਰ ਅਗੇ ਬਾਰ ਬਾਰ ਬੇਨਤੀ ਕਰੋ ਕਿ ਹੇ ਪ੍ਰਭੂ ! ਮੈਨੂੰ ਪਾਪ ਕਰਮਾਂ ਦਾ ਫਲ, ਨਰਕ ਵਿਚ ਪੈਣ ਤੋਂ ਬਚਾ ਲਵੋ, ਅਗੇ ਲਈ ਮੈਂ ਕੋਈ ਮਾੜਾ ਕੰਮ ਨਹੀਂ ਕਰਾਂਗਾ | ਅਜਿਹੀ ਬੇਨਤੀ ਪਰਮੇਸ਼ਰ ਸੁਣਦਾ ਹੈ। ਜਗਿਆਸੂ ਨੂੰ ਜੋ ਨਿਰਮਲ ਗਿਆਨ ਹੁੰਦਾ ਹੈ ਉਸ ਦੀ ਬਰਕਤ ਨਾਲ ਇਸ ਜਨਮ ਵਿਚ ਹੀ ਇਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਹਰੇਕ ਪ੍ਰਾਣੀ ਨੂੰ ਨਿਤ ਇਹ ਅਰਦਾਸਿ ਕਰਣੀ ਚਾਹੀਦੀ ਹੈ। ਮਰਣ ਮਗਰੋਂ ਅਜੇਹੀ ਅਰਦਾਸਿ ਦਾ ਪ੍ਰਾਣੀ ਨੂੰ ਕੋਈ ਲਾਭ ਨਹੀਂ ਪਹੁੰਚਦਾ ਕਿਉਂਕਿ ਉਹ ਆਪਣੇ ਜੀਵਨ ਦਾ ਸਮਾਂ ਬਿਤਾ ਗਿਆ ਹੁੰਦਾ ਹੈ।
ਕੁਝ ਸਵਾਲ ਅਤੇ ਵਿਸ਼ੇਸ਼ ਵਿਚਾਰ :
ਪ੍ਰਸ਼ਨ
1. ਇਹ ਸ਼ਬਦ ਕਬੀਰ ਜੀ ਨੇ ਕਦੋਂ ਉਚਾਰਨ ਕੀਤਾ –
ਆਪਣੇ ਜੀਵਨ ਕਾਲ ਵਿਚ ਜਾਂ ਸੰਸਾਰ ਤੋਂ ਜਾਣ ਉਪਰੰਤ ?
2. “ਕਹੈ ਕਬੀਰ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ” ਵਿਚ ‘ਸੰਤਹੁ’ ਲਫਜ਼ ਕਿਸ ਵਾਸਤੇ ਆਇਆ ਹੈ – ਆਪਣੇ ਵਾਸਤੇ ਜਾਂ ਕਿਸੇ ਹੋਰ ਵਾਸਤੇ ? ਇਸ ਪੰਗਤੀ ਵਿਚ ‘ਖੇਤ’ ਸ਼ਬਦ ਵੀ ਆਇਆ ਹੈ ਉਸਦਾ ਕੀ ਮਤਲਬ ਹੈ ?
3. “ਅਬ ਕੀ ਬਾਰ ਬਖਸਿ ਬੰਦੇ ਕਉ” ਵਿਚ ਕਬੀਰ ਜੀ ਪਰਮੇਸਵਰ ਨੂੰ ਕਿਸ ਬੰਦੇ ਨੂੰ ਬਖਸ਼ਣ ਵਾਸਤੇ ਕਹਿ ਰਹੇ ਹਨ – ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ?
4. ਕੀ ਰਾਗੀ ਸਿੰਘਾਂ ਦਾ ਇਸ ਪੰਗਤੀ ਨੂੰ ਸਥਾਈ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਹੇ ਪ੍ਰਭੂ ਇਸ ਮਿਰਤਕ ਪ੍ਰਾਣੀ ਨੂੰ ਬਖ਼ਸ਼ ਲੈ ?
ਗੁਰਮਤਿ ਦੀ ਲੋਅ ‘ਚ ਖੋਜਿਆਂ :-
1. ਇਸ ਸ਼ਬਦ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰਿਆਂ ਇਹ ਸਾਹਮਣੇ ਆਉਂਦਾ ਹੈ ਕਿ ਕਬੀਰ ਜੀ ਨੇ ਇਹ ਸ਼ਬਦ ਆਪਣੇ ਜੀਵਨ-ਕਾਲ ਵਿਚ ਹੀ ਉਚਾਰਨ ਕੀਤਾ ਹੈ।
2. ਇਸ ਸ਼ਬਦ ਵਿਚ ਕਬੀਰ ਜੀ ਨੇ ਸਤਿਸੰਗੀਆਂ ਨੂੰ ਆਪਣੇ ਧਾਰਮਿਕ ਜੀਵਨ ਵਿਚ ਪੇਸ਼ ਆਈਆਂ ਔਕੜਾਂ ਨੂੰ ਦੱਸਣ ਦਾ ਯਤਨ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਹਰੇਕ ਜੀਵ ਨੂੰ ਮਰਨ ਤੋਂ ਬਾਅਦ ਚੰਗੇ ਜਾਂ ਮਾੜੇ ਕੰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਕਬੀਰ ਜੀ ਇਥੇ ਇਹ ਸੁਝਾਵ ਵੀ ਦੇ ਰਹੇ ਹਨ ਕਿ ਤੁਸੀਂ ਆਪਣੇ ਇਸ ਸਰੀਰ ਵਿਚ ਹੀ ਹਿਸਾਬ-ਕਿਤਾਬ ਦਾ ਨਿਪਟਾਰਾ ਕਰ ਲਵੋ ਤਾਂਕਿ ਅੱਗੇ ‘ਆਗੈ ਬਸਨ ਸੁਹੇਲਾ’ ਵਾਲਾ ਅਨੰਦ ਮਾਣ ਸਕੋ।
3. ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥” ਵਿਚ ਕਬੀਰ ਜੀ ਨੂੰ ਆਪਣੇ ਜੀਵਨ ਕਾਲ ਵਿਚ ਹੀ ਮਰਨ ਤੋਂ ਬਾਅਦ ਜੀਵ ਨਾਲ ਹੋਣ ਵਾਲੇ ਵਰਤਾਰੇ ਨਜ਼ਰ ਆਉਣ ਲਗ ਪਏ ਸਨ । ਇਸ ਲਈ ਉਹ ਰੱਬ ਨੂੰ, ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਤਰਲਾ ਲੈ ਰਹੇ ਹਨ ਨਾ ਕਿ ਕਿਸੇ ਹੋਰ ਜੀਵ ਦੀ ਸਿਫਾਰਸ਼ ਕਰ ਰਹੇ ਹਨ।
4. ਇਨ੍ਹਾਂ ਉਪਰਾਲੀਆਂ ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋਏ ਕੀ ਇਹ ਨਹੀਂ ਲਗਦਾ ਹੈ ਕਿ ਰਾਗੀ ਜਾਂ ਅਦਾਸੀਏ ਸਿੰਘ ਅਣਜਾਣੇ ਵਿਚ ਗੁਰਮਤਿ ਸਿਧਾਂਤ ਦੀ ਉਲੰਘਣਾ ਕਰ ਰਹੇ ਹਨ ?