Loader Image
ਪਿਆਰੇ ਬਜ਼ੁਰਗੋ ਤੁਸੀਂ ਕੀ ਚਾਹੁੰਦੇ ਹੋ ?

ਪਿਆਰੇ ਬਜ਼ੁਰਗੋ ਤੁਸੀਂ ਕੀ ਚਾਹੁੰਦੇ ਹੋ ?

ਹਰ ਇਨਸਾਨ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖਵਾਹਿਸ਼ਾਂ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਮੇਰੇ ਬੱਚੇ ਕਿਸੇ ਚੰਗੇ ਸਕੂਲ ਵਿਚ ਪੜ੍ਹਨ, ਅੱਛੇ ਨੰਬਰ ਲੈ ਕੇ ਪਾਸ ਹੋਣ, ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇ ਜਾਂ ਆਪਣਾ ਚੰਗਾ ਕਾਰੋਬਾਰ ਕਰਨ, ਉਨ੍ਹਾਂ ਦਾ ਚੰਗੀ ਕਾਲੋਨੀ ਵਿਚ ਵੱਡਾ ਤੇ ਸੋਹਣਾ ਆਪਣਾ ਘਰ ਹੋਵੇ, ਬੱਚਿਆਂ ਨੂੰ ਚੰਗਾ ਜੀਵਨ-ਸਾਥੀ ਮਿਲੇ, ਅੱਗੇ ਉਨ੍ਹਾਂ ਦੇ ਸੋਹਣੇ ਬੱਚੇ ਹੋਵਣ ਅਤੇ ਇਹ ਸਾਰੇ ਹੀ ਸਿਹਤਮੰਦ ਹੋਣ।

ਕੀ ਕਦੇ ਇਸ ਤਰ੍ਹਾਂ ਦੇ ਖਿਆਲ ਵੀ ਤੁਹਾਡੇ ਮਨ ਵਿਚ ਆਏ ?

ਕਿ ਤੁਹਾਡੇ ਪੁੱਤਰ, ਨੂੰਹਾਂ, ਪੋਤਰੇ, ਪੋਤਰੀਆਂ, ਧੀਆਂ, ਜਵਾਈ, ਦੋਹਤਰੇ, ਦੋਹਤਰੀਆਂ ਤੁਹਾਡੇ ਮਰਨ ਤੋਂ ਬਾਅਦ ਤੁਹਾਡੇ ਸ਼ਰੀਰ ਨੂੰ ਚੰਗੀ ਤਰ੍ਹਾਂ ਦਹੀਂ ਨਾਲ ਨਵਾਉਣ। ਨਵੇਂ-ਨਵੇਂ ਕਪੜੇ ਪਵਾਉਣ, ਫੁਲਾਂ ਤੇ ਸਿਹਰਿਆਂ ਨਾਲ ਲੱਦਣ, ਮੱਥੇ ਟੇਕਣ, ਲਾਂਬੂ ਲਾਣ ਵੇਲੇ, ਮੂੰਹ ਵਿਚ ਦੇਸੀ ਘਿਉ ਪਾਉਣ, ਚੰਦਨ ਦੀਆਂ ਲਕੜਾਂ ਰੱਖਣ, ਸ਼ਹਿਦ ਪਾਉਣ ਅਤੇ ਮੋਤੀ ਰੱਖਣ, ਅਗਰਬੱਤੀ-ਧੂਪਬੱਤੀ ਜਲਾਉਣ, ਤੁਹਾਡੀ ਪਰਕਰਮਾ ਕਰਨ ਤੋਂ ਬਾਅਦ ਤੁਹਾਨੂੰ ਲਾਂਬੂ ਲਾਉਣ, ਕਪਾਲ-ਕਿਰਿਆ ਕਰਨ। ਚੌਥੇ ਦੀ ਰਸਮ ਵੇਲੇ ਘਰੋਂ ਦੁੱਧ, ਤੇਲ, ਫੁਲ-ਸਿਹਰੇ, ਕੱਚੀਆਂ-ਪੱਕੀਆਂ ਰੋਟੀਆਂ ਤੇ ਕੱਚੀ ਦਾਲ, ਫਲ-ਫਰੂਟ ਤੇ ਮਿਠਿਆਈ, ਅਗਰਬੱਤੀ-ਧੂਪਬੱਤੀ ਜਰੂਰ ਲੈ ਕੇ ਜਾਣ। ਤੁਹਾਡੀਆਂ ਅਸਥੀਆਂ ਨੂੰ ਕੱਚੀ ਲੱਸੀ ਨਾਲ ਧੋਕੇ ਸਫੇਦ ਜਾਂ ਲਾਲ ਰੰਗ ਦੀ ਥੈਲੀ ਵਿਚ ਪਾਕੇ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਲਿਜਾ ਕੇ ਜਲ-ਪ੍ਰਵਾਹ ਕਰਨ। ਅਖੰਡ ਪਾਠ ਕਰਾਉਣ। ਤੁਹਾਡੇ ਨਮਿਤ ਗੁਰਦੁਆਰੇ, ਬਿਸਤਰੇ, ਭਾਂਡੇ ਅਤੇ ਰਾਸ਼ਨ ਦੇਣ। ਕੀਰਤਨ ਕਰਵਾਣ, ਗ੍ਰੰਥੀਆਂ, ਸੇਵਾਦਾਰਾਂ ਤੇ ਕੀਰਤਨੀਆਂ ਨੂੰ ਮਾਇਆ ਦੇ ਖੁੱਲ੍ਹੇ ਗੱਫੇ ਦੇਣ, ਬਿਲਡਿੰਗ ਫੰਡ ਲਈ ਵੀ ਪੈਸੇ ਦੇਣ। ਧਾਰਮਿਕ ਤੇ ਰਾਜਨੀਤਿਕ ਬੰਦਿਆਂ ਤੋਂ ਤੁਹਾਡੇ ਤੇ ਆਪਣੇ ਗੁਣਗਾਨ ਕਰਾਉਣ। ਅਰਦਾਸ ਵਿਚ ਤੁਹਾਡੇ ਲਈ ਰਸਮੀ ਤੌਰ ਤੇ ਚਰਨਾਂ ਵਿਚ ਥਾਂ ਮੰਗਣ। ਅੰਤ ਵਿਚ ਸਾਰੀ ਆਈ ਸੰਗਤ ਨੂੰ ਵਿਆਹ ਤੋਂ ਵੀ ਵਧੀਆ ਸਟੈਂਡਿੰਗ ਗੁਰੂ ਕਾ ਲੰਗਰ ਬਹਿਰਿਆਂ ਰਾਹੀਂ ਛਕਾਇਆ ਜਾਵੇ ਆਦਿ।

ਭਾਂਵੇ ਤੁਹਾਡੇ ਇਹ ਪੁੱਤਰ-ਨੂੰਹਾਂ, ਪੋਤਰੇ-ਪੋਤਰੀਆਂ ਧੀਆਂ ਤੇ ਜਵਾਈ, ਦੋਹਤਰੇ-ਦੋਹਤਰੀਆਂ ਤੁਹਾਡੇ ਜੀਵਨ ਕਾਲ ਵਿਚ ਕਦੇ ਤੁਹਾਨੂੰ ਰੋਟੀ, ਬਿਸਤਰਾ, ਦਵਾਈ, ਦੋ ਮਿੱਠੇ ਬੋਲ ਨ ਦੇਣ ਪਰ ਉਪਰ ਲਿਖਿਤ ਸਾਰੇ ਕਰਮ ਚਲਦੀਆਂ ਆ ਰਹੀਆਂ ਰਸਮਾਂ ਨੂੰ ਜਰੂਰ ਪੂਰਾ

ਕਰਨ। ਜਾਂ ਇਹ ਸਾਰੇ ਕਰਮ ਕਾਂਡ ਕਰਨ ਚਾਹੇ ਨ ਕਰਨ ਪਰ ਤੁਹਾਡੇ ਜੀਵਨ-ਕਾਲ ਵਿਚ ਤੁਹਾਨੂੰ ਸਤਿਕਾਰ ਨਾਲ ਸਮੇਂ ਅਤੇ ਮੌਸਮ ਅਨੁਸਾਰ ਚੰਗਾ ਖਾਣਾ-ਪੀਣਾ, ਬਿਸਤਰਾ, ਦਵਾਈਆਂ, ਪੈਸਾ-ਧੇਲਾ ਆਦਿ ਇੱਜ਼ਤ ਨਾਲ ਦੇਣ ਦੇ ਨਾਲ-ਨਾਲ, ਤੁਹਾਡੇ ਕੋਲ ਬੈਠ ਕੇ ਦਿਲ ਤੋਂ ਮਿੱਠੀਆਂ-ਮਿੱਠੀਆਂ ਗੱਲਾਂ ਵੀ ਜਰੂਰ ਕਰਨ।

ਸੋ ਹੁਣ ਤੁਹਾਨੂੰ ਸਾਡੇ ਉਪਰ ਲਿਖਿਤ ਸਵਾਲ ਦਾ ਜਵਾਬ ਸਮਝ ਆ ਹੀ ਗਿਆ ਹੋਵੇਗਾ। ਹੁਣ ਤੁਸੀਂ ਜੋ ਵੀ ਚਾਹੁੰਦੇ ਹੋ ਉਸਨੂੰ ਆਪਣੇ ਪੂਰੇ ਪਰਵਾਰ ਨੂੰ ਜਲਦੀ ਤੋਂ ਜਲਦੀ ਅਪਣੇ ਕੋਲ ਬੁਲਾਕੇ ਆਪਣੇ ਜੀਵਨ-ਕਾਲ ਵਿਚ ਹੀ ਦਸ ਦਿਓ।

ਹੁਣ ਅੰਤ ਵਿਚ ਅਸੀਂ ਆਪਣੇ ਵਿਚਾਰਾਂ ਨੂੰ ਥੋੜਾ ਦੂਜੇ ਪਾਸੇ ਮੋੜ ਰਹੇ ਹਾਂ। ਕਿਹਾ ਜਾਂਦਾ ਹੈ ਕਿ ਇਹ ਉਪਰੋਕਤ ਕਰਮ-ਕਾਂਡ ਇਨਸਾਨ ਦੀ ਮੁਕਤੀ ਲਈ ਕੀਤੇ ਜਾਂਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆਂ ਤੇ ਵਿਚਾਰਿਆਂ ਕੁਝ ਇਸ ਤਰ੍ਹਾਂ ਦੀ ਸਮਝ ਆਪਣੇ-ਆਪ ਹੀ ਮਨੁੱਖ ਨੂੰ ਆ ਜਾਂਦੀ ਹੈ ਜੋ ਹੇਠ ਲਿਖੀਆਂ ਕੁਝ-ਕੁ-ਗੱਲਾਂ ਤੋਂ ਪਤਾ ਲਗ ਜਾਵੇਗਾ:

1 ਗੁਰਬਾਣੀ ਦੇ ਮੁਤਾਬਕ ਉਸੇ ਜੀਵ ਨੂੰ ਹੀ ਮੁਕਤੀ ਮਿਲਦੀ ਹੈ ਜਿਹੜਾ ਪ੍ਰਭੂ ਦੀ ਪ੍ਰੇਮਾ ਭਗਤੀ ਕਰਨ ਦੇ ਨਾਲ-ਨਾਲ ਬਿਨਾ ਸਵਾਰਥ ਅਤੇ ਅਹੰਕਾਰ ਦੇ ਆਪਣੇ ਜੀਵਨ-ਕਾਲ ਵਿਚ ਆਪ ਹੀ ਅਨਿਕ ਪ੍ਰਕਾਰੀ ਸੇਵਾਵਾਂ ਵੀ ਕਰਦਾ ਹੈ। ਉਪਰ ਲਿਖਤ ਕਰਮ-ਕਾਂਡ ਕਰਨ ਨਾਲ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਸਗੋਂ ਧਨ ਤੇ ਸਮਾਂ ਜਰੂਰ ਬਰਬਾਦ ਹੋ ਜਾਂਦੇ ਹਨ।

2 ਕਿਸੇ ਵੀ ਮਨੁੱਖ ਨੂੰ ਮੁਕਤੀ (ਗੁਰ-ਚਰਨਾਂ ਵਿਚ ਥਾਂ) ਉਸਦੇ ਜੀਵਨ-ਕਾਲ ਵਿਚ ਮਿਲ ਜਾਂਦੀ ਹੈ। ਮਰਨ ਤੋਂ ਬਾਅਦ ਕਿਸੇ ਦੀ ਵੀ ਗਤੀ ਨਹੀਂ ਹੁੰਦੀ। ਜਿਸ ਨੂੰ ਮੁਕਤੀ ਮਿਲ ਜਾਂਦੀ ਹੈ ਉਸਨੂੰ ਆਪ ਪਤਾ ਵੀ ਲਗ ਜਾਂਦਾ ਹੈ ਅਤੇ ਓਹ ਆਪਣੇ ਮੂੰਹ ਤੋਂ ਕਹਿ ਵੀ ਦੇਂਦਾ ਹੈ ਕਿ ਮੈਂ ਮੁਕਤ ਹੋ ਗਿਆ ਹਾਂ।

3 ਜਿਹੜੇ ਬੱਚੇ ਆਪਣੇ ਮਾਂ-ਪਿਓ ਦੀ ਉਨ੍ਹਾਂ ਦੇ ਜੀਵਨ-ਕਾਲ ਵਿਚ ਦਿਲੋਂ ਸੇਵਾ ਤਾਂ ਨਹੀਂ ਕਰਦੇ ਪਰ ਬਾਹਰ ਗੁਰਦੁਆਰਿਆਂ ਵਿਚ ਜਾਕੇ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਪੁੰਨਦਾਨ ਕਰਦੇ ਹਨ, ਗੁਰਬਾਣੀ ਅਨੁਸਾਰ ਓਹ ਬੇਈਮਾਨ ਹੁੰਦੇ ਹਨ। 

“ਮਾਂ ਪਿਓ ਪਰਹਰਿ ਕਰੇ ਦਾਨ॥ ਬੇਈਮਾਨ ਅਗਿਆਨ ਪ੍ਰਾਣੀ॥”

ਕੀ ਤੁਹਾਨੂੰ ਪਤਾ ਹੈ ਕਿ ਤੀਜੇ ਗੁਰੂ, ਗੁਰੂ ਅਮਰਦਾਸ ਜੀ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਅਤੇ ਕੁਝ ਇਸ ਤਰ੍ਹਾਂ ਹਿਦਾਇਤਾਂ ਕੀਤੀਆਂ ਕਿ ਮੇਰੇ ਪਰਲੋਕ ਗਵਨ ਕਰਨ ਤੋਂ ਬਾਅਦ ਕਿਸੇ ਨੇ ਵੀ ਰੋਣਾ ਨਹੀਂ ਤੇ ਗੁਰੂ ਘਰ ਦੀ ਮਰਿਆਦਾ ਤੋਂ ਜਾਣੂ ਗੁਰਸਿੱਖਾਂ ਨੂੰ ਬੁਲਾਉਣਾ ਜੋ ਆ ਕੇ ਨਿਰਬਾਣ ਕੀਰਤਨ ਕਰਨ ਤੇ ਜੋ ਬਾਕੀ ਦੇ ਕਿਰਿਆ ਕਰਮ ਵੀ ਗੁਰਮਤਿ ਅਨੁਸਾਰ ਹੋਵਣ। ਇਨ੍ਹਾਂ ਸਾਰਿਆਂ ਵਿਚਾਰਾਂ ਨੂੰ ਉਨ੍ਹਾਂ ਦੇ ਪੜਪੋਤੇ, ‘ਬਾਬਾ ਸੁਦੰਰ ਜੀ’ ਨੇ ਕਲਮਬਧ ਕੀਤਾ। ਜਿਸਨੂੰ ਬਾਅਦ ਵਿਚ ਗੁਰੂ ਅਰਜਨ ਦੇਵ ਜੀ ਨੇ ‘ਸਦ’ ਬਾਣੀ ਦੇ ਸਿਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ. 923 ਉਤੇ ਅਕਿੰਤ ਕੀਤਾ।

ਆਓ ਹੁਣ ਅਸੀਂ ਸਾਰੇ ਮਿਲਕੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਸਿੱਖਿਆ ‘ਤੇ ਅਮਲ ਕਰਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰਨ ਲਈ ਜਤਨਸ਼ੀਲ ਹੋਈਏ।