ਭੈਣ ਜੀ : ਇਨ੍ਹਾਂ ਪੰਗਤੀਆਂ ਦਾ ਕੀ ਭਾਵ ਹੈ ?
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥
ਵੀਰ ਜੀ : ਇਨ੍ਹਾਂ ਪੰਗਤੀਆਂ ਦਾ ਭਾਵ ਹੈ ਕਿ ਉਨ੍ਹਾਂ ਗੁਰਸਿੱਖਾਂ ਦੀ ਬਾਣੀ ਸੁਣੀ-ਪੜੀ ਤੇ ਗਾਵੀ ਗੁਰ ਦਰਬਾਰ ਵਿਚ ਥਾਂਏ ਪੈਂਦੀ ਹੈ ਜਿਨ੍ਹਾਂ ਨੇ ਸਤਿਗੁਰ ਜੀ ਦੇ ਹੁਕਮਾਂ ਨੂੰ ਮੰਨਿਆ ਹੈ।
ਭੈਣ ਜੀ : ਸਤਿਗੁਰ ਜੀ ਦੇ ਹੁਕਮ ਕਿਹੜੇ-ਕਿਹੜੇ ਹਨ ?
ਵੀਰ ਜੀ : ਸਤਿਗੁਰ ਜੀ ਦੇ ਹੁਕਮ ਤਾਂ ਬਹੁਤ ਸਾਰੇ ਹਨ ਪਰ ਕੁਝ ਕੁ ਮੁਢਲੇ ਅਸੂਲ ਇਸ ਤਰ੍ਹਾਂ ਹਨ ਜਿਵੇਂ ਕਿ – ਸੱਚ ਬੋਲਣਾ, ਅੰਮ੍ਰਿਤ ਵੇਲੇ ਉਠਣਾ, ਅੰਮ੍ਰਿਤ ਛਕਣਾ, ਨਿਤਨੇਮ ਕਰਨਾ, ਸਤਿ ਸੰਗਤ ਕਰਨੀ, ਧਰਮ ਦੀ ਕਿਰਤ ਕਰਨੀ, ਦਸਵੰਧ ਕਢਨਾ, ਸਾਦਾ ਖਾਣਾ ਤੇ ਸਾਦਾ ਪਾਉਣਾ, ਪੰਡਿਤਾਂ ਦੀਆਂ ਰੀਤਾਂ ਤੋਂ ਬਚਣਾ, ਮਾਤਾ-ਪਿਤਾ, ਸੱਸ-ਸੋਹਰਾ ਅਤੇ ਬਜ਼ੁਰਗਾਂ ਦੀ ਦਿਲੋਂ ਸੇਵਾ ਕਰਨੀ।
ਭੈਣ ਜੀ : ਪੰਡਿਤਾਂ ਦੀਆਂ ਰੀਤਾਂ ਕੀ ਹੁੰਦੀਆਂ ਹਨ?
ਵੀਰ ਜੀ : ਪੰਡਤਾਂ ਦੀਆਂ ਰੀਤਾਂ ਵੀ ਬਹੁਤ ਹਨ ਜਿਵੇਂ ਕਿ ਜੋਤਸ਼ੀ ਤੋਂ ਪੁੱਛਣਾ, ਚੰਗੇਮਾੜੇ ਦਿਨਾਂ ਦੀ ਵਿਚਾਰ ਕਰਨੀ, ਵਰਤ ਰਖਣੇ,ਮੌਲੀਆਂ ਬੰਨਣੀਆਂ, ਸ਼ਰਾਧ ਕਰਨੇ ਆਦਿ।
ਭੈਣ ਜੀ : ਪਰ ਅੰਮ੍ਰਿਤਧਾਰੀ ਸਿੱਖ ਵੀ ਤਾਂ ਇਹ ਸਾਰੇ ਕਰਮ ਕਰੀ ਜਾਂਦੇ ਹਨ।
ਵੀਰ ਜੀ : ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਹੈ।
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰਉਂ ਇਨਕੀ ਪ੍ਰਤੀਤ॥
ਭੈਣ ਜੀ : ਇਸ ਦਾ ਕੀ ਮਤਲਬ ਹੋਇਆ ?
ਵੀਰ ਜੀ : ਬਿਪਰਨ ਕੀ ਰੀਤ ਤੋਂ ਭਾਵ ਹੈ – ਪੰਡਿਤਾਂ ਦੀਆਂ ਰੀਤਾਂ
ਮੈਂ ਉਸ ਗੁਰਸਿੱਖ ਤੇ ਬਿਲਕੁਲ ਵੀ ਇਤਬਾਰ ਨਹੀਂ ਕਰਾਂਗਾ ਜਿਹੜਾ ਪੰਡਿਤਾਂ ਦੀਆਂ ਰੀਤਾਂ ਤੇ ਚਲੇਗਾ। ਜਿਵੇਂ ਕਿ ਕਿਸੇ ਪ੍ਰਾਣੀ ਦੇ ਮਰਨ ਸਮੇਂ ਜੋ ਰੀਤਾਂ ਆਮ ਤੌਰ ਤੇ ਅਸੀਂ ਵੀ ਕਰਦੇ ਹਾਂ
1. ਅਖੀਰਲੇ ਸਵਾਸਾਂ ਤੇ ਪਏ ਬੰਦੇ ਦੇ ਮੂੰਹ ਵਿਚ ਗੰਗਾ ਜਲ ਪਾਉਣਾ। ਪੈਸੇ ਤੇ ਰਾਸ਼ਨ ਹੱਥ ਲਗਵਾ ਕੇ ਦਾਨ ਪੁੰਨ ਕਰਨਾ।
2. ਮਿਰਤਕ ਸਰੀਰ ਨੂੰ ਮੰਜੇ ਤੋਂ ਹੇਠਾਂ ਉਤਾਰਨਾ।
3. ਮਿਰਤਕ ਸਰੀਰ ਨੂੰ ਲਾਂਬੂ ਲਾਉਣ ਵੇਲੇ ਪਰਕਰਮਾ ਕਰਨੀ ਤੇ ਪੈਸੇ ਰਖ ਕੇ ਮੱਥੇ ਟੇਕਣਾ।
4. ਮਿਰਤਕ ਪ੍ਰਾਣੀ ਦੇ ਸਾਰੇ ਕ੍ਰਿਆ-ਕਰਮ ਵਿਚ ਧੀ-ਜਵਾਈ ਨੂੰ ਨੇੜੇ ਨ ਆਣ ਦੇਣਾ।
5. ਕਪਾਲ ਕਿਰਿਆ (ਸਸਕਾਰ ਦੌਰਾਨ ਸਿਰ ਵਿਚ ਡੰਡਾ ਮਾਰਨਾ) ਕਰਨੀ।
6. ਚੌਥੇ ਵਾਲੇ ਦਿਨ ਅੰਗੀਠਾ ਫਰੋਲ ਕੇ ਅਸਥੀਆਂ ਚੁਣਕੇ ਕੱਚੀ ਲੱਸੀ ਨਾਲ ਧੋਣਾ।
7. ਦੁੱਧ, ਅਗਰਬੱਤੀ, ਕੱਚੀਆਂ-ਪੱਕੀਆਂ ਰੋਟੀਆਂ, ਕੱਚੀ-ਪੱਕੀ ਦਾਲ, ਫੱਲਫਰੂਟ, ਮਿਠਾਈਆਂ ਰਖਣੀਆਂ, ਦੀਵੇ ਬਾਲਣੇ ਆਦਿ।
8. ਲਕੜੀ ਦੀਆਂ ਕਿੱਲੀਆਂ ਗੱਡ ਕੇ ਮੋਲੀਆਂ ਬੰਨਣੀਆਂ ਤੇ ਸ਼ੁਭ-ਅਸ਼ੁਭ ਦਿਨ ਦਾ ਵਿਚਾਰ ਕਰਨਾ।
9. ਚਿੱਟੀ ਜਾਂ ਲਾਲ ਥੈਲੀ ਵਿੱਚ ਅਸਥੀਆਂ ਪਾਉਣੀਆਂ ਤੇ ਵਿੱਚ ਪੈਸੇ ਪਾਉਣੇ ।
10. ਭੋਗ ਵਾਲੇ ਦਿਨ ਰਾਸ਼ਨ, ਬਿਸਤਰੇ, ਭਾਂਡੇ ਆਦਿਕ ਦਾਨ ਕਰਨ ਦਾ ਅਡੰਬਰ ਕਰਨਾ।
ਭੈਣ ਜੀ : ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀ ਮੈਨੂੰ ਗੁਰੂ ਦੀ ਮੱਤ ਸਮਝਾਈ। ਹੁਣ ਮੈਂ ਵੀ ਗੁਰੂ ਦਰਸਾਈ ਮਰਯਾਦਾ ਅਨੁਸਾਰ ਹੀ ਚਲਾਂਗੀ।